kejriwal corona test report: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣਾ ਕੋਰੋਨਾ ਟੈਸਟ ਕਰਵਾਇਆ ਹੈ। ਇਹ ਟੈਸਟ ਗਲ਼ੇ ਅਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਹੈ। ਜਾਂਚ ਰਿਪੋਰਟ ਅੱਜ ਰਾਤ ਜਾਂ ਬੁੱਧਵਾਰ ਸਵੇਰੇ ਤੱਕ ਆਉਣ ਉਮੀਦ ਕੀਤੀ ਜਾ ਰਹੀ ਹੈ। ਹਲਕਾ ਬੁਖਾਰ ਅਤੇ ਗਲ਼ੇ ਦੀ ਸ਼ਿਕਾਇਤ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਉਹ ਐਤਵਾਰ ਦੁਪਹਿਰ ਤੋਂ ਬਾਅਦ ਕਿਸੇ ਵੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਰਹੇ ਹਨ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ, ਕੇਜਰੀਵਾਲ ਹੁਣ ਠੀਕ ਮਹਿਸੂਸ ਕਰ ਰਹੇ ਹਨ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਹੋ ਗਿਆ ਹੈ। ਰਿਪੋਰਟ 24 ਘੰਟਿਆਂ ਦੇ ਅੰਦਰ ਆਵੇਗੀ। 51 ਸਾਲਾ ਮੁੱਖ ਮੰਤਰੀ ਵੀ ਸ਼ੂਗਰ ਤੋਂ ਪੀੜ੍ਹਤ ਹਨ ਅਤੇ ਐਤਵਾਰ ਦੁਪਹਿਰ ਤੋਂ ਉਹ ਬੀਮਾਰ ਮਹਿਸੂਸ ਕਰ ਰਹੇ ਹਨ। ਐਤਵਾਰ ਸਵੇਰੇ ਮੁੱਖ ਮੰਤਰੀ ਨੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਕੈਬਨਿਟ ਦੀ ਬੈਠਕ ਕੀਤੀ, ਜਿਸ ਵਿੱਚ ਸਿਸੋਦੀਆ, ਵਾਤਾਵਰਣ ਮੰਤਰੀ ਗੋਪਾਲ ਰਾਏ, ਸਿਹਤ ਮੰਤਰੀ ਸਤੇਂਦਰ ਜੈਨ ਸਮੇਤ ਕਈ ਮੰਤਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਮੁੱਖ ਸਕੱਤਰ ਵਿਜੇ ਦੇਵ ਵੀ ਮੌਜੂਦ ਸਨ। ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕੇਜਰੀਵਾਲ ਨੇ ਆਪਣੇ ਸਾਰੇ ਅਧਿਕਾਰਤ ਪ੍ਰੋਗਰਾਮ ਰੱਦ ਕਰ ਦਿੱਤੇ।
ਪਿੱਛਲੇ ਦੋ ਮਹੀਨਿਆਂ ਤੋਂ ਮੁੱਖ ਮੰਤਰੀ ਆਪਣੀਆਂ ਬਹੁਤੀਆਂ ਬੈਠਕਾਂ ਵੀਡੀਓ ਕਾਨਫਰੰਸ ਰਾਹੀਂ ਆਪਣੇ ਘਰ ਤੋਂ ਕਰ ਰਹੇ ਹਨ, ਪਰ ਦਿੱਲੀ ਦੇ ਉਪ ਰਾਜਪਾਲ ਕੁੱਝ ਮਹੱਤਵਪੂਰਨ ਮੀਟਿੰਗਾਂ ਲਈ ਦਫਤਰ ਜਾ ਰਹੇ ਹਨ। 2 ਜੂਨ ਨੂੰ ਕੇਜਰੀਵਾਲ ਅਤੇ ਸਿਸੋਦੀਆ ਉਪ ਰਾਜਪਾਲ ਦੇ ਦਫਤਰ ਵਿਖੇ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਏ ਜਿਥੇ ਕੋਵਿਡ -19 ਦੇ ਹੁਣ ਤੱਕ 13 ਕੇਸ ਸਾਹਮਣੇ ਆ ਚੁੱਕੇ ਹਨ। ਦਿੱਲੀ ਵਿੱਚ ਕੋਰੋਨਾ ਸਕਾਰਾਤਮਕ ਲੋਕਾਂ ਦੀ ਕੁੱਲ ਸੰਖਿਆ 29,943 ਹੋ ਗਈ। ਇਨ੍ਹਾਂ ਵਿੱਚੋਂ 11,357 ਕੋਰੋਨਾ ਮਰੀਜ਼ ਹੁਣ ਤੱਕ ਸਿਹਤਮੰਦ ਹੋ ਚੁੱਕੇ ਹਨ। ਐਕਟਿਵ ਕੋਰੋਨਾ ਦੇ 17,712 ਮਰੀਜ਼ ਅਜੇ ਵੀ ਦਿੱਲੀ ਵਿੱਚ ਇਲਾਜ ਅਧੀਨ ਹਨ। ਉਸੇ ਸਮੇਂ, ਕੋਰੋਨਾ ਤੋਂ ਦਿੱਲੀ ਵਿੱਚ 874 ਲੋਕਾਂ ਦੀ ਮੌਤ ਹੋ ਗਈ ਹੈ।