Kejriwal on corona vaccine: ਨਵੀਂ ਦਿੱਲੀ: ਭਾਰਤ ਵਿੱਚ ਕੋਵਿਡ-19 ਦੀ ਰੱਖਿਆ ਲਈ ਟੀਕਾਕਰਨ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ । ਸਾਰੇ ਰਾਜਾਂ ਵਿੱਚ ਟੀਕਾਕਰਨ ਦੀ ਤਿਆਰੀ ਚੱਲ ਰਹੀ ਹੈ । ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਕੇਂਦਰ ਸਰਕਾਰ ਤੋਂ ਕੋਰੋਨਾ ਟੀਕਾ ਮੁਫਤ ਨਹੀਂ ਮਿਲਿਆ ਤਾਂ ਉਨ੍ਹਾਂ ਦੀ ਸਰਕਾਰ ਦਿੱਲੀ ਦੇ ਲੋਕਾਂ ਲਈ ਮੁਫਤ ਟੀਕਾ ਮੁਹੱਈਆ ਕਰਵਾਏਗੀ।” ਕੇਜਰੀਵਾਲ ਨੇ ਕਿਹਾ,” ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸਾਡਾ ਦੇਸ਼ ਬਹੁਤ ਗਰੀਬ ਹੈ ਅਤੇ ਇਹ ਮਹਾਂਮਾਰੀ 100 ਸਾਲਾਂ ਵਿੱਚ ਪਹਿਲੀ ਵਾਰ ਆਈ ਹੈ … ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸ਼ਾਇਦ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ । ਕੇਂਦਰ ਨੂੰ ਮੇਰੀ ਅਪੀਲ ਸੀ ਕਿ ਇਸ ਟੀਕੇ ਨੂੰ ਦੇਸ਼ ਭਰ ਵਿੱਚ ਮੁਫਤ ਉਪਲਬਧ ਕਰਵਾਉਣਾ ਚਾਹੀਦਾ ਹੈ। ਦੇਖਦੇ ਹਾਂ ਕਿ ਕੇਂਦਰ ਸਰਕਾਰ ਕੀ ਕਰਦੀ ਹੈ। ਜੇ ਕੇਂਦਰ ਸਰਕਾਰ ਮੁਫਤ ਟੀਕਾ ਨਹੀਂ ਦਿੰਦੀ ਤਾਂ ਅਸੀਂ ਦਿੱਲੀ ਦੇ ਲੋਕਾਂ ਨੂੰ ਮੁਫਤ ਟੀਕਾ ਮੁਹੱਈਆ ਕਰਵਾਵਾਂਗੇ।”
ਦਰਅਸਲ, ਕੋਰੋਨਾ ਟੀਕਾਕਰਨ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਸਿਹਤ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਤੁਹਾਡੇ ਨਾਲ ਵਿਚਾਰ ਵਟਾਂਦਰੇ ਕਰਕੇ ਫੈਸਲਾ ਕੀਤਾ ਗਿਆ ਹੈ ਕਿ ਟੀਕਾਕਰਨ ਵਿੱਚ ਕਿਸ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਸੀ ਕਿ ਸਭ ਤੋਂ ਪਹਿਲਾਂ ਇਹ ਟੀਕਾ ਉਨ੍ਹਾਂ ਨੂੰ ਦਿੱਤਾ ਜਾਵੇਗਾ ਜੋ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਸ ਤੋਂ ਬਾਅਦ ਸਫਾਈ ਸੇਵਕਾਂ, ਪੁਲਿਸ ਆਦਿ ਵਰਗੇ ਫਰੰਟਲਾਈਨ ਵਰਕਰ ਹਨ, ਜਿਨ੍ਹਾਂ ਨੂੰ ਪਹਿਲੇ ਪੜਾਅ ਵਿੱਚ ਟੀਕਾ ਲਗਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਵਿਚਾਲੇ ਬੁੱਧਵਾਰ ਨੂੰ ਦਿੱਲੀ ਨੂੰ ਭਾਰਤ ਬਾਇਓਟੈਕ ਟੀਕੇ COVAXIN ਦੀਆਂ 20 ਹਜ਼ਾਰ ਖੁਰਾਕਾਂ ਮਿਲੀਆਂ ਹਨ । ਬੁੱਧਵਾਰ ਦੁਪਹਿਰ ਨੂੰ ਇਹ ਖੁਰਾਕ ਉੱਤਰ-ਪੂਰਬੀ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ ਪਹੁੰਚੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਨੂੰ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਦੀਆਂ 2,64,000 ਖੁਰਾਕਾਂ ਮਿਲੀਆਂ ਸਨ।