Kejriwal speaking on water issue in Delhi: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ (ਸ਼ਨੀਵਾਰ) ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਕੇਜਰੀਵਾਲ ਨੇ ਕਿਹਾ, “ਦਿੱਲੀ ਵਿੱਚ ਪਾਣੀ ਦੀ ਸਪਲਾਈ ਆਧੁਨਿਕ ਦੇਸ਼ ਦੀ ਤਰ੍ਹਾਂ ਹੋਵੇਗੀ। 930 ਮਿਲੀਅਨ ਗੈਲਨ ਪਾਣੀ ਦਾ ਉਤਪਾਦਨ ਹੁੰਦਾ ਹੈ। ਦਿੱਲੀ ਵਿੱਚ ਹਰੇਕ ਵਿਅਕਤੀ ਲਈ 176 ਲੀਟਰ (ਪ੍ਰਤੀ ਦਿਨ) ਪਾਣੀ ਉਪਲਬਧ ਹੈ। ਦਿੱਲੀ ਵਿੱਚ ਪਾਣੀ ਦੀ ਉਪਲਬਧਤਾ ਵੀ ਵਧਾਉਣੀ ਹੈ, ਇਸ ਲਈ ਅਸੀਂ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀ ਸਰਕਾਰ ਨਾਲ ਗੱਲ ਕਰ ਰਹੇ ਹਾਂ। 930 ਮਿਲੀਅਨ ਗੈਲਨ ਵਿੱਚੋਂ ਬਹੁਤ ਸਾਰਾ ਪਾਣੀ ਚੋਰੀ ਹੋ ਜਾਂਦਾ ਹੈ। ਅਸੀਂ ਇੱਕ ਸਲਾਹਕਾਰ ਰੱਖ ਰਹੇ ਹਾਂ ਜੋ ਸਾਨੂੰ ਦੱਸੇਗਾ ਕਿ ਪਾਣੀ ਦੀ ਹਰ ਬੂੰਦ ਕਿਵੇਂ ਵਰਤੀ ਜਾਵੇ ਅਤੇ ਪਾਣੀ ਦੀ ਬਰਬਾਦੀ ਨਾ ਹੋਵੇ।”
ਉਨ੍ਹਾਂ ਨੇ ਅੱਗੇ ਕਿਹਾ, “ਸਲਾਹਕਾਰ ਸਾਨੂੰ ਇਹ ਵੀ ਦੱਸਣਗੇ ਕਿ ਕਿਵੇਂ ਦਿੱਲੀ ਦੇ ਹਰ ਘਰ ਵਿੱਚ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਅਸੀਂ ਪੰਜ ਸਾਲਾਂ ਵਿੱਚ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਅਸੀਂ ਬਾਬਾ ਆਦਮ ਦੇ ਯੁੱਗ ਵਿੱਚ ਜੀ ਰਹੇ ਹਾਂ। 24 ਘੰਟੇ ਦਿੱਲੀ ਵਿੱਚ ਪਾਣੀ ਮੁਹੱਈਆ ਕਰਾਉਣ ਦੇ ਰਾਹ ‘ਤੇ ਚੱਲੇ ਪਏ ਹਾਂ। ਮੈਂ ਨਿਸ਼ਚਤ ਕਰਦਾ ਹਾਂ ਕਿ ਪਾਣੀ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ। ਵਿਰੋਧੀ ਧਿਰ ਜੋ ਕਹਿ ਰਿਹਾ ਹੈ ਉਸ ਤਰਾਂ ਨਹੀਂ ਹੈ, ਮੈਂ ਖੁਦ ਨਿੱਜੀਕਰਨ ਦੇ ਪੱਖ ਵਿੱਚ ਨਹੀਂ ਹਾਂ।”