Manish Sisodia slams BJP: ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਏ ਹਨ। ਗਣਤੰਤਰ ਦਿਵਸ ‘ਤੇ ਆਯੋਜਿਤ ਟਰੈਕਟਰ ਪਰੇਡ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਕਾਫੀ ਹੰਗਾਮਾ ਹੋਇਆ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ੁੱਕਰਵਾਰ ਨੂੰ ਭਾਜਪਾ ‘ਤੇ ਨਿਸ਼ਾਨਾ ਸਾਧਿਆ । ਸਿਸੋਦੀਆ ਨੇ BJP ਨੂੰ ਆਪਣੇ ਨੇਤਾਵਾਂ ਨੂੰ ਸਮਝਾਉਣ ਦੀ ਗੱਲ ਕਰਦਿਆਂ ਕਿਹਾ ਕਿ ਹੰਕਾਰ ਨਾਲ ਢਿੱਡ ਨਹੀਂ ਭਰਦਾ।
ਦਰਅਸਲ, ਇਸ ਸਬੰਧੀ ਸਿਸੋਦੀਆ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਸਿਸੋਦੀਆ ਨੇ ਆਪਣੇ ਟਵੀਟ ਵਿੱਚ ਲਿਖਿਆ, “ਭਾਜਪਾਈਓ, ਤੁਸੀਂ ਅੰਦੋਲਨ ਕਰ ਰਹੇ ਕਿਸਾਨਾਂ ਦਾ ਇੰਟਰਨੈਟ ਬੰਦ ਕਰ ਦਿੰਦੇ ਹੋ, ਬਿਜਲੀ ਪਾਣੀ ਬੰਦ ਕਰ ਦਿੰਦੇ ਹੋ, ਆਉਣ ਦਾ ਰਸਤਾ ਬੰਦ ਕਰ ਦਿੰਦੇ ਹੋ… ਜੇ ਕਿਸਾਨ ਨੇ ਇੱਕ ਮੌਸਮ ਲਈ ਵੀ ਕਿਸਾਨੀ ਬੰਦ ਕਰ ਦਿੱਤੀ ਤਾਂ ਤੁਹਾਡੇ ਸਾਹ ਰੁਕ ਜਾਣਗੇ । … ਆਪਣੇ ਨੇਤਾਵਾਂ ਨੂੰ ਸਮਝਾਓ, ਹਉਮੈ ਨਾਲ ਢਿੱਡ ਨਹੀਂ ਭਰਦਾ…”
ਗਣਤੰਤਰ ਦਿਵਸ ਮੌਕੇ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ ਸੀ । ਇਸ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ ਕਈ ਥਾਵਾਂ ‘ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਹੋਣ ਦੀਆਂ ਖਬਰਾਂ ਆਈਆਂ ਸਨ। ਦਿੱਲੀ ਪੁਲਿਸ ਅਨੁਸਾਰ ਤਕਰੀਬਨ 400 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ । ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਵੱਧ ਰਹੇ ਹੰਗਾਮੇ ਕਾਰਨ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ । ਜਿਸ ਤੋਂ ਬਾਅਦ ਹੁਣ ਦਿੱਲੀ ਦੇ ਬਾਰਡਰਾਂ ‘ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਰੋਕਣ ਦੀਆਂ ਖਬਰਾਂ ਆਈਆਂ ਹਨ।
ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਵਿੱਚ ਘਟਨਾ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੇ ਕਈ ਕਿਸਾਨ ਨੇਤਾਵਾਂ ਨੂੰ ਨੋਟਿਸ ਭੇਜੇ ਹਨ । ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਵੀਰਵਾਰ ਨੂੰ ਕਿਹਾ ਕਿ ਇਸ ਨੂੰ ਦਿੱਲੀ ਪੁਲਿਸ ਵੱਲੋਂ ਆਪਣੇ ਨੇਤਾਵਾਂ ਨੂੰ ਭੇਜੇ ਨੋਟਿਸਾਂ ਤੋਂ ਅਸੀਂ ਡਰਾਂਗੇ ਨਹੀਂ । ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਘਟਨਾ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਦੇਖੋ: ਰਾਤ ਭਰ ਦੇ ਤਣਾਓਪੂਰਣ ਮਹੌਲ ਦੇ ਬਾਅਦ ਦੇਖੋ ਕਿਵੇਂ ਬਦਲ ਗਿਆ ਗਾਜ਼ੀਪੁਰ ਬਾਰਡਰ ਦਾ ਹਾਲ