PM Modi wishes Delhi CM: ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਐਤਵਾਰ ਯਾਨੀ ਕਿ ਅੱਜ ਜਨਮਦਿਨ ਹੈ। ਅੱਜ ਉਹ ਆਪਣਾ 52 ਵਾਂ ਜਨਮਦਿਨ ਮਨਾ ਰਹੇ ਹਨ। ਵੱਖ-ਵੱਖ ਰਾਜਾਂ ਦੇ ਸਿਆਸਤਦਾਨ, ਉਨ੍ਹਾਂ ਦੇ ਹਮਾਇਤੀ ਅਤੇ ਦਿੱਲੀਵਾਸੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ। ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਕੇਜਰੀਵਾਲ ਨੂੰ ਜਨਮਦਿਨ ਦੀ ਵਧਾਈ ਦਿੱਤੀ । ਪੀਐਮ ਮੋਦੀ ਨੇ ਲਿਖਿਆ, ‘ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਨਮਦਿਨ ਮੁਬਾਰਕ । ਉਨ੍ਹਾਂ ਦੀ ਲੰਬੀ ਅਤੇ ਤੰਦਰੁਸਤ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।’
ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਵਾਬ ਦਿੰਦਿਆਂ ਧੰਨਵਾਦ ਕਿਹਾ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਕੇਜਰੀਵਾਲ ਨੂੰ ਵਧਾਈ ਦਿੱਤੀ ਅਤੇ ਟਵੀਟ ਕੀਤਾ, ‘ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਨਮਦਿਨ ਮੁਬਾਰਕ । ਤੁਸੀਂ ਤੰਦਰੁਸਤ ਅਤੇ ਲੰਮੇ ਉਮਰ ਦੇ ਰਹੋ, ਰੱਬ ਤੋਂ ਮੇਰੀ ਇਹ ਇੱਛਾ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਲਿਖਿਆ, ‘ਬਹੁਤ-ਬਹੁਤ ਧੰਨਵਾਦ ਨਿਤਿਨ ਜੀ।’
ਦੱਸ ਦੇਈਏ ਕਿ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 52ਵਾਂ ਜਨਮਦਿਨ ਹੈ। ਕੇਜਰੀਵਾਲ ਦਾ ਜਨਮ 16 ਅਗਸਤ, 1968 ਨੂੰ ਹਰਿਆਣਾ ਦੇ ਹਿਸਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਗੋਵਿੰਦ ਰਾਮ ਕੇਜਰੀਵਾਲ ਹੈ ਅਤੇ ਮਾਤਾ ਦਾ ਨਾਮ ਗੀਤਾ ਦੇਵੀ ਹੈ । ਅਰਵਿੰਦ ਕੇਜਰੀਵਾਲ ਦੀ ਪਤਨੀ ਦਾ ਨਾਮ ਸੁਨੀਤਾ ਕੇਜਰੀਵਾਲ ਹੈ। ਕੇਜਰੀਵਾਲ ਨੇ ਅੱਜ ਆਪਣਾ ਜਨਮ ਦਿਨ ਸਾਦਗੀ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਉਨ੍ਹਾਂ ਨੂੰ ਜਨਮਦਿਨ ਦਾ ਤੋਹਫਾ ਦੇਣਾ ਚਾਹੁੰਦੇ ਹਨ ਤਾਂ ਉਹ ਜ਼ਰੂਰਤਮੰਦਾਂ ਨੂੰ ਆਕਸੀਮੀਟਰ ਦਾਨ ਕਰਨ। ਕੇਜਰੀਵਾਲ ਨੇ ਕਿਹਾ, “ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਕੋਰੋਨਾ ਮਹਾਂਮਾਰੀ ਦੇ ਇਸ ਮੁਸ਼ਕਲ ਸਮੇਂ ਵਿੱਚ ਆਪਣੇ-ਆਪਣੇ ਪਿੰਡਾਂ ਅਤੇ ਇਲਾਕਿਆਂ ਵਿੱਚ ਆਕਸੀਜਨ ਜਾਂਚ ਕੇਂਦਰ ਖੋਲ੍ਹਣ ਅਤੇ ਲੋਕਾਂ ਦੀ ਜਾਨ ਬਚਾਉਣ।” ਜੋ ਲੋਕ ਦਾਨ ਦੇ ਸਕਦੇ ਹਨ ਉਨ੍ਹਾਂ ਨੂੰ ਵੱਧ ਤੋਂ ਵੱਧ ਆਕਸੀਮੀਟਰ ਦਾਨ ਕਰਨੇ ਚਾਹੀਦੇ ਹਨ।”