pwd minister satyendra jain says: ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 6-ਫਲੈਗਸਟਾਫ ਰੋਡ ਰਿਹਾਇਸ਼ ‘ਤੇ ਮੀਂਹ ਕਾਰਨ ਛੱਤ ਦਾ ਇੱਕ ਹਿੱਸਾ ਡਿੱਗਣ ਦੀਆਂ ਖ਼ਬਰਾਂ ‘ਤੇ ਪ੍ਰਤੀਕ੍ਰਿਆ ਜ਼ਹਿਰ ਕਰਦਿਆਂ, ਦਿੱਲੀ ਦੇ ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ ਨੇ ਕਿਹਾ, ” ਮੈਂ ਆਪ ਦੇਖਿਆ ਹੈ, ਲੱਗਭਗ 1940 ਦੇ ਆਸ ਪਾਸ ਬਣੀ ਹੋਈ ਬਹੁਤ ਪੁਰਾਣੀ ਇਮਾਰਤ ਹੈ, ਜਿਸ ਵਿੱਚ ਛੱਤ ‘ਤੇ ਤਰੇੜਾਂ ਆ ਗਈਆਂ ਹਨ, ਕੁੱਝ ਹਿੱਸਾ ਡਿੱਗ ਵੀ ਗਿਆ ਹੈ। ਇਮਾਰਤ ਦੀ ਢਾਂਚਾਗਤ ਸੁਰੱਖਿਆ ਦੀ ਜਾਂਚ ਕੀਤੀ ਜਾ ਰਹੀ ਹੈ।” ਦਰਅਸਲ ਪਿੱਛਲੇ ਹਫਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿੱਚ ਬਣੇ ਚੈਂਬਰ ਦੀ ਛੱਤ ਦਾ ਇੱਕ ਹਿੱਸਾ ਭਾਰੀ ਬਾਰਸ਼ ਵਿੱਚ ਡਿੱਗ ਗਿਆ ਸੀ। ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ਵਿੱਚ ਇੱਕ ਦਫਤਰ ਬਣਾਇਆ ਹੈ, ਜਿਸ ਵਿੱਚ ਮੁੱਖ ਮੰਤਰੀ ਦਾ ਖੁਦ ਆਪਣਾ ਕਮਰਾ ਵੀ ਹੈ, ਉੱਥੇ ਹੀ ਇਹ ਘਟਨਾ ਵਾਪਰੀ ਹੈ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ।
ਇਸ ਘਟਨਾ ਤੋਂ ਬਾਅਦ ਏਜੰਸੀਆਂ ਦੀ ਸਹਾਇਤਾ ਨਾਲ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਜਦੋਂ ਛੱਤ ਦਾ ਹਿੱਸਾ ਡਿੱਗਣ ਤੋਂ ਦੋ ਦਿਨਾਂ ਬਾਅਦ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਤਦ ਮੁੱਖ ਮੰਤਰੀ ਦੇ ਚੈਂਬਰ ਦੀ ਟਾਇਲਟ ਦੀ ਛੱਤ ਢਹਿ ਗਈ ਅਤੇ ਉਸ ਤੋਂ ਬਾਅਦ ਟਾਇਲਟ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਹੋ ਗਿਆ। ਜਦੋਂ ਟਾਇਲਟ ਦੀ ਛੱਤ ਦੀ ਮੁਰੰਮਤ ਹੋਣ ਲੱਗੀ, ਇਸ ਸਮੇਂ ਦੌਰਾਨ ਟਾਇਲਟ ਦੀ ਕੰਧ ‘ਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ। ਸਾਲ 2015 ਤੋਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਿਵਲ ਲਾਈਨਜ਼ ਵਿੱਚ ‘6 ਫਲੈਗਸਟਾਫ ਰੋਡ’ ’ਤੇ ਸਥਿਤ ਇਸ ਘਰ ਵਿੱਚ ਰਹਿ ਰਹੇ ਹਨ। ਇਹ ਇਮਾਰਤ ਲੱਗਭਗ 80 ਸਾਲ ਪੁਰਾਣੀ ਹੈ। ਇਸ ਕਿਸਮ ਦੀ ਸਮੱਸਿਆ ਅਕਸਰ ਭਾਰੀ ਬਾਰਿਸ਼ ਵਿੱਚ ਹੁੰਦੀ ਹੈ। ਹਾਲ ਹੀ ਵਿੱਚ ਮੀਂਹ ਤੋਂ ਬਾਅਦ ਵਾਪਰੀ ਘਟਨਾ ਦੇ ਮੱਦੇਨਜ਼ਰ ਪੂਰੇ ਮੁੱਖ ਮੰਤਰੀ ਦੇ ਘਰ ਦੇ ਢਾਂਚੇ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੇ ਮੁਲਾਂਕਣ ਦੀ ਰਿਪੋਰਟ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਰਹਿਣ ਦੇ ਲਿਹਾਜ਼ ਨਾਲ ਇਹ ਇਮਾਰਤ ਕਿੰਨੀ ਸੁਰੱਖਿਅਤ ਹੈ।