Sukhpal Khaira said AAP: ਚੰਡੀਗੜ੍ਹ: ਪੰਜਾਬ ‘ਚ ਇਸ ਸਮੇਂ ਖੇਤੀ ਕਾਨੂੰਨਾਂ ਕਰਕੇ ਸਿਆਸਤ ਗਰਮਾਈ ਹੋਈ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ, ਜਿਸ ਦਾ ਬੁੱਧਵਾਰ ਨੂੰ ਆਖਰੀ ਦਿਨ ਰਿਹਾ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ‘ਚ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਚਾਰ ਬਿੱਲ ਪਾਸ ਕੀਤੇ ਗਏ। ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਸਰਕਾਰ ਦੇ ਮਨਸੂਬਿਆਂ ਤੇ ਸਵਾਲ ਚੁੱਕੇ ਹਨ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਕਿਹਾ ਕੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸਿਸ ਕਰ ਰਹੇ ਹਨ। ਪਰ ਹੁਣ ‘ਆਪ’ ਦੇ ਸਵਾਲਾਂ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ਤੇ ਨਿਸ਼ਨਾਂ ਸਾਧਦਿਆਂ ਖਹਿਰਾ ਨੇ ‘ਆਪ’ ਨੂੰ ਇਕ ਨਵਾਂ ਨਾਮ ‘ਫਰਜ਼ੀ ਇਨਕਲਾਬੀ’ ਦਿੱਤਾ ਹੈ। ਹੁਣ ਖਹਿਰਾ ਨੇ ‘ਆਪ’ ਦੀ ਕਾਰਗੁਜਾਰੀ ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਤਸਵੀਰਾਂ ਦੀ ਰਾਜਨੀਤੀ ਕਰ ਰਹੀ ਹੈ। ਖਹਿਰਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਨੇ ਜਿਸ ਬਿੱਲ ਦੀ ਕਾਪੀ ਲਈ ਵਿਧਾਨ ਸਭਾ ਦੇ ਵਿੱਚ ਧਰਨਾ ਲਗਾਇਆ ਸੀ, ਪਾਰਟੀ ਨੇ ਉਨ੍ਹਾਂ ਬਿੱਲਾਂ ਦੀ ਕਾਪੀ ਲਏ ਬਿਨਾਂ ਹੀ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ।
ਖਹਿਰਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਸਿਰਫ਼ ਤਸਵੀਰਾਂ ਦੀ ਰਾਜਨੀਤੀ ਕਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸਭਾ ਦੇ ਪਾਰਟੀ ਅੰਦਰ ਕੁੱਝ ਹੋਰ ਕਹਿੰਦੀ ਹੈ, ਅਤੇ ਬਾਹਰ ਆ ਕੇ ਕੁੱਝ ਹੋਰ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕੇ ‘ਆਪ’ ਦੇ ਕਾਰਨ ਪੰਜਾਬ ਸਰਕਾਰ ਵੀ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਈ ਹੈ, ਸਰਕਾਰ ਨੇ ‘ਆਪ’ ਦੇ ਸ਼ੋਰ ਕਾਰਨ ਬਿਨਾ ਕਿਸੇ ਬਹਿਸ ਦੇ ਸਾਰੇ ਬਿੱਲ ਪਾਸ ਕਰ ਦਿੱਤੇ। ਉਨ੍ਹਾਂ ਦੋਸ਼ ਲਾਇਆ ਕੇ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਬਿੱਲਾਂ ਨੂੰ ਸਪੋਟ ਕੀਤੀ ਸੀ, ਅਤੇ ਹੁਣ ਬਾਹਰ ਆ ਕੇ ਉਨ੍ਹਾਂ ਬਿੱਲਾਂ ਦਾ ਹੀ ਵਿਰੋਧ ਕਰ ਰਹੇ ਹਨ। ਖਹਿਰਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਸਿਰਫ਼ ਰਾਜਨੀਤੀ ਕਰ ਰਹੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕੇ ਮੈ ਕਿਸਾਨਾਂ ਅਤੇ ਉਨ੍ਹਾਂ ਦੇ ਸੰਘਰਸ਼ ਦੇ ਨਾਲ ਹਾਂ, ਅਤੇ ਜੋ ਕਿਸਾਨ ਕਹਿਣਗੇ ਅਸੀਂ ਉਸ ਦੀ ਹਮਾਇਤ ਕਰਾਂਗੇ। ਖਹਿਰਾ ਨੇ ਕਿਹਾ ਕੇ ਕਿਸਾਨਾਂ ਦਾ ਸਾਥ ਦੇਣ ਨਾਲ ਦਿੱਲੀ ਨੂੰ ਇੱਕ ਸੁਨੇਹਾ ਵੀ ਜਾਵੇਗਾ ਕੇ ਸਾਰਾ ਪੰਜਾਬ ਇਕੱਠਾ ਹੈ ਅਤੇ ਇਨਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਵੇਗਾ।