ਧਨੌਲਾ: ਜ਼ਿਲ੍ਹੇ ਦੇ ਪਿੰਡ ਬਡਬਰ ਵਿਖੇ ਫੌਜ ’ਚੋਂ ਛੁੱਟੀ ’ਤੇ ਆਏ ਨੌਜਵਾਨ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਬੀਤੇ ਦਿਨ ਮੌਤ ਹੋ ਗਈ। ਫੌਜੀ ਨੌਜਵਾਨ 4 ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦਾ ਤਿੰਨ ਕੁ ਮਹੀਨੇ ਪਹਿਲਾਂ ਲੌਂਗੋਵਾਲ ਰੋਡ ’ਤੇ ਐਕਸੀਡੈਂਟ ਹੋਇਆ ਸੀ। ਆਮ ਆਦਮੀ ਪਾਰਟੀ ਯੂਥ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਕਾਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਜਗਸੀਰ ਸਿੰਘ ਜੱਗੀ ਪੁੱਤਰ ਦਲੀਪ ਸਿੰਘ ਰਵਿਦਾਸੀਆ ਸਿੰਘ ’ਚ ਫੌਜ ’ਚ ਭਰਤੀ ਹੋਇਆ ਸੀ, ਉਹ ਹੁਣ ਬਟਾਲੀਅਨ ਡੇਲਟਾ ਕੰਪਨੀ ਪੁਲਵਾਮਾ ਕਸ਼ਮੀਰ ਵਿਖੇ ਤਾਇਨਾਤ ਸੀ।
ਜਾਣਕਾਰੀ ਅਨੁਸਾਰ 3 ਕੁ ਮਹੀਨੇ ਪਹਿਲਾਂ ਜਗਸੀਰ ਸਿੰਘ ਆਪਣੇ ਪਿੰਡ ਬਡਬਰ ਵਿਖੇ ਛੁੱਟੀ ਲੈ ਕੇ ਆਇਆ ਸੀ। ਇਸੇ ਦੌਰਾਨ ਉਹ ਲੌਂਗੋਵਾਲ ਰੋਡ ’ਤੇ ਕਿਸੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਹਾਦਸੇ ‘ਚ ਉਸ ਦੇ ਸਰੀਰ ਦੇ ਕਈ ਅੰਗ ਨੁਕਸਾਨੇ ਗਏ, ਜਿਸ ਦਾ ਇਲਾਜ ਚੱਲ ਰਿਹਾ ਸੀ ਪਰ ਹੁਣ ਫੌਜੀ ਨੌਜਵਾਨ ਜਗਸੀਰ ਸਿੰਘ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲ ਸਕਿਆ ਤੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਫੌਜੀ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ, 2 ਬੱਚਿਆਂ ਨੂੰ ਛੱਡ ਗਿਆ। ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਫਰਿਆਦ ਕਰਦਿਆਂ ਫੌਜੀ ਪਰਿਵਾਰ ਦੀ ਮਦਦ ਲਈ ਗੁਹਾਰ ਲਗਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: