ਐਤਵਾਰ ਸਵੇਰੇ ਰਾਜਪੁਰਾ ਦੇ ਪਿੰਡ ਚਮਾਰੂ ਨੇੜੇ ਸੰਘਣੀ ਧੁੰਦ ਅਤੇ ਸੜਕ ਦੇ ਵਿਚਕਾਰ ਖੜ੍ਹੇ ਇੱਕ ਖ਼ਰਾਬ ਕੈਂਟਰ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ਨੇ ਕਈ ਜਾਨਾਂ ਨੂੰ ਜ਼ੋਖਮ ਵਿੱਚ ਪਾ ਦਿੱਤਾ। ਇਸ ਹਾਦਸੇ ਵਿੱਚ PRTC ਬੱਸ ਸਮੇਤ ਕਰੀਬ 5 ਤੋਂ 6 ਗੱਡੀਆਂ ਆਪਸ ਵਿੱਚ ਬੁਰੀ ਤਰ੍ਹਾਂ ਟਕਰਾ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਡਰਾਈਵਰ ਸਮੇਤ ਲਗਭਗ 12 ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਇੱਕ ਕੈਂਟਰ ਰਾਤ ਤੋਂ ਹੀ ਸੜਕ ਦੇ ਵਿਚਕਾਰ ਖੜ੍ਹਾ ਸੀ। ਸਵੇਰੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਨ ਪਿੱਛੋਂ ਆ ਰਹੀਆਂ ਗੱਡੀਆਂ ਨੂੰ ਰੁਕਿਆ ਹੋਇਆ ਕੈਂਟਰ ਨਜ਼ਰ ਨਹੀਂ ਆਇਆ। ਸਭ ਤੋਂ ਪਹਿਲਾਂ ਕੁਝ ਗੱਡੀਆਂ ਰੁਕੇ ਕੈਂਟਰ ਨਾਲ ਟਕਰਾਏ ਫੇਰ PRTC ਬੱਸ ਕੈਂਟਰ ਨਾਲ ਟਕਰਾਈ ਅਤੇ ਫਿਰ ਇੱਕ-ਇੱਕ ਕਰਕੇ ਪਿੱਛੇ ਹੋਰ ਵਾਹਨ ਆਪਸ ਵਿੱਚ ਭਿੜ ਗਏ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਚੀਕ-ਚਿਹਾੜਾ ਮਚ ਗਿਆ ਅਤੇ ਵਾਹਨਾਂ ਦੇ ਪਰਖੱਚੇ ਉੱਡ ਗਏ।
ਇਹ ਵੀ ਪੜ੍ਹੋ : MLA ਸੁਖਵਿੰਦਰ ਸੁੱਖੀ ਵੱਲੋਂ ਚੇਅਰਮੈਨ ਕਨਵੇਅਰ ਤੇ ਕੈਬਿਨਟ ਮੰਤਰੀ ਰੈਂਕ ਤੋਂ ਅਸਤੀਫਾ, ਸੋਸ਼ਲ ਮੀਡੀਆ ‘ਤੇ ਖੁਦ ਦਿੱਤੀ ਜਾਣਕਾਰੀ
ਇਸ ਹਾਦਸੇ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਰਿਹਾ ਕਿ ਬੱਸ ਵਿੱਚ ਕਈ ਵਿਦਿਆਰਥਣਾਂ ਸਵਾਰ ਸਨ, ਜੋ ਕਲਰਕ ਦਾ ਪੇਪਰ ਦੇਣ ਜਾ ਰਹੀਆਂ ਸਨ। ਹਾਦਸੇ ਕਾਰਨ ਜਿੱਥੇ ਉਨ੍ਹਾਂ ਨੂੰ ਸਰੀਰਕ ਸੱਟਾਂ ਲੱਗੀਆਂ, ਉੱਥੇ ਹੀ ਮਾਨਸਿਕ ਸਦਮੇ ਅਤੇ ਦੇਰੀ ਕਾਰਨ ਉਨ੍ਹਾਂ ਦਾ ਪੇਪਰ ਵੀ ਛੁੱਟ ਗਿਆ। ਮੌਕੇ ‘ਤੇ ਵਿਦਿਆਰਥਣਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ਸੜਕ ‘ਤੇ ਹੋਈ ਇਸ ਲਾਪਰਵਾਹੀ ਦੀ ਭੇਟ ਚੜ੍ਹ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਸੜਕ ਸੁਰੱਖਿਆ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਜ਼ਖਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਡਾ. ਤਰਨ ਕੌਰ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਗੰਭੀਰ ਜ਼ਖਮੀ ਇੱਕ ਵਿਅਕਤੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਨੇ ਕਰੇਨ ਦੀ ਮਦਦ ਨਾਲ ਨੁਕਸਾਨੇ ਗਏ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਬਹਾਲ ਕਰਵਾਇਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕੈਂਟਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਕਾਰਾਂ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























