Accused arrested in : ਪਿਛਲੇ ਦਿਨੀਂ ਜਲੰਧਰ ਵਿਖੇ ਯੂਕੋ ਬੈਂਕ ਦੀ ਬ੍ਰਾਂਚ ‘ਚ ਸੁਰੱਖਿਆ ਗਾਰਡ ਸੁਰਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਲੰਧਰ ਦਿਹਾਤ ਪੁਲਿਸ ਨੇ ਇਸ ਕ੍ਰਾਈਮ ਨੂੰ ਅੰਜਾਮ ਦੇਣ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਦੋਸ਼ੀ ਦੀ ਪਛਾਣ ਪਿੰਡ ਅਦਮਵਾਲ, ਹੁਸ਼ਿਆਰਪੁਰ ਦੇ ਸੁਰਜੀਤ ਸਿੰਘ ਉਰਫ ਜੀਤਾ ਵਜੋਂ ਹੋਈ ਹੈ। ਉਸ ਕੋਲੋਂ 39,500 ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਵਾਰਦਾਤ ‘ਚ ਵਰਤੀ ਗਈ ਇੱਕ ਕਾਲੇ ਰੰਗ ਦੀ ਐਕਟਿਵਾ ਵੀ ਬਰਾਮਦ ਕਰ ਲਈ ਗਈ ਹੈ।
ਜੀਤਾ ਨੂੰ ਹੁਸ਼ਿਆਰਪੁਰ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਘਟਨਾ ਤੋਂ ਬਾਅਦ ਤੋਂ ਹੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ। ਬਾਕੀ ਦੋਸ਼ੀਆਂ ਦੀ ਪਛਾਣ ਗਿਰੋਹ ਦੇ ਮਾਸਟਰਮਾਈਂਡ ਸਤਨਾਮ ਸਿੰਘ ਉਰਫ ਸੱਤਾ, ਸੁਖਵਿੰਦਰ ਸਿੰਘ ਉਰਫ ਸੁੱਖਾ ਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਵਜੋਂ ਹੋਈ ਹੈ ਤੇ ਸਾਰੇ ਦੋਸ਼ੀ ਹੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਤੇ ਜਲਦ ਹੀ ਬਾਕੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਤੋਂ ਇਲਾਵਾ ਇੱਕ ਹੋਰ ਸਾਥੀ ਦੀ ਪਛਾਣ ਸੁਨੀਲ ਦੱਤ ਵਜੋਂ ਹੋਈ ਹੈ ਪਰ ਉਹ ਯੂਕੋ ਬੈਂਕ ਕਾਂਡ ‘ਚ ਸ਼ਾਮਲ ਨਹੀਂ ਸੀ। ਦੋਸ਼ੀਆਂ ਨੇ ਹੁਸ਼ਿਆਰਪੁਰ ਦੇ ਇੰਡੀਅਨ ਓਵਰਸੀਜ਼ ਬੈਂਕ, ਹੁਸ਼ਿਆਰਪੁਰ ਦੇ ਪੰਜਾਬ ਐਂਡ ਸਿੰਧ ਬੈਂਕ ‘ਚ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਇਆ ਸੀ। SSP ਗਰਗ ਨੇ ਦੱਸਿਆ ਕਿ ਘਟਨਾ ‘ਚ ਇਸਤੇਮਾਲ ਹੋਣ ਵਾਲੀ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਬਾਕੀ ਪੈਸੇ ਫਰਾਰ ਦੋਸ਼ੀਆਂ ਕੋਲ ਹਨ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਰੇ ਮਾਮਲੇ ਦੀ ਸੱਚਾਈ ਸਾਹਮਣੇ ਆਏਗੀ।