Accused makes new : ਖਰੜ ਵਿਖੇ ਅਕਾਊਂਟੈਂਟ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ ਭਵਜੀਤ ਗਿੱਲ ਜਿਸ ਜਾਅਲੀ ਪਾਸਪੋਰਟ ਤੋਂ ਦੁਬਈ ਤੱਕ ਘੁੰਮ ਗਿਆ ਸੀ, ਉਸ ਨੂੰ ਤਿਆਰ ਕਰਨ ‘ਚ ਉਸ ਦੀ ਮੰਗੇਤਰ ਸਟੀਫਨ ਪ੍ਰੀਤ ਕੌਰ ਅਤੇ ਉਸ ਦੀ ਮਾਂ ਦੀ ਮਹੱਤਵਪੂਰਨ ਭੂਮਿਕਾ ਸੀ। ਸਟੀਫਨ ਪ੍ਰੀਤ ਪੰਜਾਬ ਪੁਲਿਸ ‘ਚ ਕਾਂਸਟੇਬਲ ਅਹੁਦੇ ‘ਤੇ ਤਾਇਨਾਤ ਹੈ। ਖਰੜ ਪੁਲਿਸ ਨੇ ਉਸ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਸੀ। ਸਟੀਫਨ ਕੌਰ ਦਾ ਰਿਮਾਂਡ ਵੀਰਵਾਰ ਨੂੰ ਖਤਮ ਹੋਣ ‘ਤੇ ਉਸ ਨੂੰ ਦੁਬਾਰਾ ਖਰੜ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਸਟੀਫਨ ਕੌਰ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੁਲਿਸ ‘ਚ ਨੌਕਰੀ ਮਿਲੀ ਸੀ। ਉਹ ਇਨ੍ਹੀਂ ਦਿਨੀਂ ਮੋਹਾਲੀ ਏਰੀਆ ‘ਚ ਤਾਇਨਾਤ ਸੀ। ਦੋਸ਼ੀ ਭਵਜੀਤ ਗਿੱਲ ਤੋਂ ਪੁੱਛਗਿਛ ‘ਚ ਪਤਾ ਲੱਗਾ ਕਿ ਅਕਾਊਂਟੈਂਟ ਅਰੁਣ ਸ਼ਰਮਾ ਦੀ ਹੱਤਿਆ ਤੋਂ ਬਾਅਦ ਫਰੀਦਾਬਾਦ ਦੇ ਜਾਅਲੀ ਪਤੇ ‘ਤੇ ਉਸ ਦਾ ਪਾਸਪੋਰਟ ਗੁਰਮੀਤ ਸਿੰਘ ਨਿਵਾਸੀ ਮਾਨਸਾ ਤੇ ਸੰਦੀਪ ਖਰਬ ਨਿਵਾਸੀ ਰੋਹਿਣੀ ਨਵੀਂ ਦਿੱਲੀ ਦੀ ਮਦਦ ਨਾਲ ਬਣਿਆ ਸੀ।
ਸੰਦੀਪ ਖਰਬ ਨੇ ਭਵਜੀਤ ਗਿੱਲ ਤੋਂ 3 ਲੱਖ 70 ਹਜ਼ਾਰ ਰੁਪਏ ਲਏ ਸੀ। ਹਾਲਾਂਕਿ ਇਸ ਕੰਮ ‘ਚ ਉਸ ਦੀ ਮੰਗੇਤਰ ਅਤੇ ਉਸ ਦੀ ਮਾਂ ਦਾ ਵੀ ਯੋਗਦਾਨ ਸੀ। ਖਰੜ ਪੁਲਿਸ ਨੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੰਦੀਪ ਖਰਬ ਆਪਣੇ ਘਰ ਤੋਂ ਫਰਾਰ ਹੈ। ਖਰੜ ਸਿਟੀ ਥਾਣੇ ਦੇ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਸੰਦੀਪ ਖਰਬ ਨੇ ਖਰੜ ਸੈਸ਼ਨ ਕੋਰਟ ‘ਚ ਆਪਣੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਅਕਾਊਂਟੈਂਟ ਦੀ ਮੌਤ 16 ਸਤੰਬਰ ਨੂੰ ਹੋਈ ਸੀ। ਦੋ ਮਹੀਨੇ ਬਾਅਦ 16 ਨਵੰਬਰ ਨੂੰ ਭਵਜੀਤ ਗਿੱਲ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਸੰਦੀਪ ਖਰਬ ਨੇ ਪਹਿਲਾਂ ਭਵਜੀਤ ਗਿੱਲ ਦਾ ਜਾਅਲੀ ਵੋਟਰ ਕਾਰਡ ਦੇ ਆਧਾਰ ਕਾਰਡ ਸੰਜੇ ਕਾਲੋਨੀ ਫਰੀਦਾਬਾਦ ਦੇ ਪਤੇ ‘ਤੇ ਬਣਾਇਆ ਗਿਆ ਸੀ। ਇਸੇ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਆਧਾਰ ‘ਤੇ ਤਤਕਾਲ ਸਹੂਲਤ ‘ਚ 29 ਸਤੰਬਰ ਨੂੰ ਭਵਜੀਤ ਗਿੱਲ ਦਾ ਜਾਅਲੀ ਪਾਸਪੋਰਟ ਤਿਆਰ ਹੋ ਗਿਆ ਸੀ। ਇਸੇ ਪਾਸਪੋਰਟ ‘ਤੇ ਉਹ ਟੂਰਿਸਟ ਵੀਜ਼ਾ ਲੈ ਕੇ 9 ਅਕਤੂਬਰ ਨੂੰ ਦਿੱਲੀ ਤੋਂ ਦੁਬਈ ਚਲਾ ਗਿਆ। ਉਥੇ ਉਸ ਨੂੰ ਕੈਨੇਡਾ ਜਾਣਾ ਸੀ ਪਰ ਕੋਵਿਡ-19 ਕਾਰਨ ਉਹ ਨਹੀਂ ਜਾ ਸਕਿਆ। 28 ਅਕਤੂਬਰ ਨੂੰ ਵਾਪਸ ਭਾਰਤ ਆ ਗਿਆ। ਕੁਝ ਦਿਨ ਬਾਅਦ ਉਹ ਦੁਬਾਰਾ ਜੈਪੁਰ ਤੋਂ ਦੁਬਈ ਗਿਆ। ਇਸੇ ਦੌਰਾਨ ਖਰੜ ਪੁਲਿਸ ਨੂੰ ਪਤਾ ਲੱਗਾ ਗਿਆ ਸੀ ਕਿ ਭਵਜੀਤ ਗਿੱਲ ਜਾਅਲੀ ਪਾਸਪੋਰਟ ਬਣਾ ਕੇ ਦੁਬਈ ‘ਚ ਹੈ। 16 ਨਵੰਬਰ ਨੂੰ ਜਦੋਂ ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਦੁਬਈ ਦੀ ਫਲਾਈਟ ਤੋਂ ਉਤਰਿਆ ਤਾਂ ਪਹਿਲਾਂ ਤੋਂ ਸਾਵਧਾਨ ਇਮੀਗ੍ਰੇਸ਼ਨ ਵਿਭਾਗ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ।