ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਨਵਜੋਤ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫ਼ਾ ਦੀ ਨੂੰਹ ਨੂੰ ਪੰਜਾਬ ਦੀ ਵਕਫ ਬੋਰਡ ਦੀ ਚੇਅਰਪਰਸਨ ਬਣਾਉਣ ‘ਤੇ ਵਿਵਾਦ ਪੈਦਾ ਹੋ ਗਿਆ ਹੈ। ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਗਿਆ ਹੈ। ਅਕਾਲੀ ਦਲ ਵੱਲੋਂ ਕਾਂਗਰਸ ਦੇ ਨੇਤਾਵਾਂ ਨੂੰ ਹੀ ਨੌਕਰੀ ਨੂੰ ਦੇਣ ਨੂੰ ਭਰਾ-ਭਤੀਜਾਵਾਦ ਦੀ ਪਰੰਪਰਾ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਘਰ-ਘਰ ਨੌਕਰੀ ਦਾ ਮਤਲਬ ਹਰ ਕਾਂਗਰਸੀ ਦੇ ਘਰ ਵਿੱਚ ਨੌਕਰੀ ਹੋਣਾ ਹੀ ਬਣ ਕੇ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਮੁਹੰਮਦ ਮੁਸਤਫ਼ਾ ਦੀ ਨੂੰਹ ਜੈਨਬ ਅਖਤਰ ਨੂੰ ਪੰਜਾਬ ਵਕਫ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਇਸ ਨੂੰ ਲੈ ਕੇ ਕਾਂਗਰਸ ਸਰਕਾਰ ‘ਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਕਾਂਗਰਸੀਆਂ ਦੇ ਪਰਿਵਾਰ ‘ਤੇ ਪੰਜਾਬ ਸਰਕਾਰ ਖੂਬ ਮਿਹਰਬਾਨ ਹੈ। ਕਿਸੇ ਕਾਂਗਰਸੀ ਵਰਕਰ ਦੀ ਬਜਾਏ ਅਹਿਮ ਅਹੁਦਿਆਂ ‘ਤੇ ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਾਂਗਰਸੀ ਨੇਤਾਵਾਂ ਨੂੰ ਨੌਕਰੀ ਦੇਣ ਦਾ ਵਿਵਾਦ ਛਿੜ ਚੁੱਕਿਆ ਹੈ। ਇਸ ਤੋਂ ਪਹਿਲਾਂ ਡਿਪਟੀ CM ਸੁਖਜਿੰਦਰ ਰੰਧਾਵਾ ਦੇ ਜਵਾਈ ਤਰੁਣਵੀਰ ਲਹਿਲ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਗਾਉਣ ‘ਤੇ ਵਿਵਾਦ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: