Akali Dal prepares for 2022 elections: ਇੱਕ ਪਾਸੇ ਜਿੱਥੇ ਕਿਸਾਨ ਖੇਤੀ ਬਿੱਲ ਐਕਟ ਨੂੰ ਲੈ ਕੇ ਸੜਕਾਂ ‘ਤੇ ਉਤਰ ਰਹੇ ਹਨ ਅਤੇ ਪ੍ਰਦਰਸ਼ਨ ਹੋ ਰਹੇ ਹਨ, ਉੱਥੇ ਹੀ, ਭਾਜਪਾ ਨਾਲ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ 2022 ਦੀਆਂ ਚੋਣਾਂ ਨੂੰ ਲੈ ਕੇ ਸਰਗਰਮ ਦਿੱਖ ਰਿਹਾ ਹੈ। ਜਿਸ ਦੇ ਚੱਲਦਿਆਂ ਹੀ ਬੀਤੇ ਦਿਨੀਂ ਸਾਬਕਾ ਅਕਾਲੀ ਕੈਬਨਿਟ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਫਾਜ਼ਿਲਕਾ ਦਾ ਦੌਰਾ ਕੀਤਾ। ਜਿੱਥੇ ਉਨ੍ਹਾਂ ਨੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਬੂਥ ਪੱਧਰ ‘ਤੇ ਪਾਰਟੀ ਨਾਲ ਵਰਕਰ ਜੋੜਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਕਿਸਾਨਾਂ ਦੇ ਭੱਖਦੇ ਮਸਲਿਆਂ ‘ਤੇ ਹੈ, ਜੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ‘ਤੇ ਵੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵੱਡੇ-ਵੱਡੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਜਲਦ ਤੋਂ ਜਲਦ ਸ਼ਾਮਿਲ ਹੋਣ ਲਈ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੀ ਤਿਆਰੀ ਹਮੇਸ਼ਾ ਚਲਦੀ ਰਹਿੰਦੀ ਹੈ, ਪਰ 30 ਸਾਲਾਂ ਤੱਕ ਭਾਜਪਾ ਦੀ ਮਦਦ ਕਰਨ ਦੇ ਬਾਵਜੂਦ ਭਾਜਪਾ ਨੇ ਇਹ ਤਿੰਨ ਕਾਨੂੰਨ ਪਾਸ ਕਰ ਕੇ ਕਾਂਗਰਸ ਦੇ ਏਜੰਡੇ ‘ਤੇ ਮੋਹਰ ਲਗਾ ਦਿੱਤੀ। ਜਿਸ ਕਾਰਨ ਭਾਜਪਾ ਨਾਲੋਂ ਨਾਤਾ ਤੋੜ ਦਿੱਤਾ ਗਿਆ ਹੈ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਫਾਜ਼ਿਲਕਾ ਤੇ ਫਿਰੋਜ਼ਪੁਰ ਦੀਆਂ ਸੀਟਾਂ ਇਸ ਵਾਰ ਅਕਾਲੀ ਦਲ ਹੀ ਜਿੱਤੇਗਾ। ਪਰਾਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਹੁਤ ਮਾੜਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜੋ ਇੱਕ ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ ਉਹ ਬਿਲਕੁਲ ਗਲਤ ਹੈ ਕਿਉਂਕਿ ਇੰਨਾ ਵੱਡਾ ਜੁਰਮਾਨਾ ਤਾਂ ਕਤਲ ਦੇ ਕੇਸ ਵਿੱਚ ਵੀ ਨਹੀਂ ਲਗਾਇਆ ਜਾਂਦਾ। ਉਨ੍ਹਾਂ ਕਿਹਾ ਕਿ ਇਹ ਮਸਲਾ ਇਕੱਲਾ ਪਰਾਲੀ ਦਾ ਨਹੀਂ ਹੈ, ਇਸ ਵਿੱਚ ਬਹੁਤ ਸਾਰੇ ਮਸਲੇ ਹਨ। ਉਨ੍ਹਾਂ ਕਿਹਾ ਕਿ ਇਹ ਕਾਲੇ ਕਾਨੂੰਨ ਬਹੁਤ ਗਲਤ ਹਨ। ਜਿਸ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਵਾਕਈ ਭਾਜਪਾ ਦੇ ਵੱਡੇ ਵਰਕਰ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ ਜਾ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।