Sad leader harsimrat kaur : ਪੁਲਿਸ ਨੇ ਵੀਰਵਾਰ ਨੂੰ 10 ਵਿਰੋਧੀ ਪਾਰਟੀਆਂ ਦੇ 15 ਸੰਸਦ ਮੈਂਬਰਾਂ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਗਾਜ਼ੀਪੁਰ ਸਰਹੱਦ ‘ਤੇ ਜਾਣ ਤੋਂ ਰੋਕ ਦਿੱਤਾ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿੱਟਰ ‘ਤੇ ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕਰਕੇ ਹੈਰਾਨੀ ਜ਼ਾਹਿਰ ਕੀਤੀ ਕਿ ਸੰਸਦ ਮੈਂਬਰਾਂ ਨੂੰ ਵੀ ਕਿਸਾਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਉਨ੍ਹਾਂ ਟਵੀਟ ਕਰਕੇ ਲਿਖਿਆ, “ਅਕਾਲੀ ਦਲ, ਸਮਾਨ ਸੋਚ ਵਾਲੀਆਂ ਪਾਰਟੀਆਂ ਅਤੇ ਗਾਜ਼ੀਪੁਰ ਸਰਹੱਦ ‘ਤੇ ਕਿਸਾਨਾਂ ਨੂੰ ਮਿਲਣ ਜਾ ਰਹੇ ਸੰਸਦ ਮੈਂਬਰਾਂ ਦੇ ਨਾਲ-ਨਾਲ ਕਿਸਾਨਾਂ ‘ਤੇ ਹੋ ਰਹੇ ਅੱਤਿਆਚਾਰ ਦੀ ਨਿੰਦਾ ਕਰਦਾ ਹੈ। ਇੱਥੋਂ ਤੱਕ ਕਿ ਸੰਸਦ ਮੈਂਬਰਾਂ ਨੂੰ ਉਨ੍ਹਾਂ ਕਿਸਾਨਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ ਜਿਹੜੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਲੋਕਤੰਤਰ ਲਈ ਇਹ ਸੱਚਮੁੱਚ ਇੱਕ ਕਾਲਾ ਦਿਨ ਹੈ!”
ਵੀਰਵਾਰ ਨੂੰ, ਸ਼੍ਰੋਮਣੀ ਅਕਾਲੀ ਦਲ, ਦ੍ਰਾਵਿੜ ਮੁਨੇਤਰਾ ਕਜ਼ਹਾਗਮ (ਡੀ.ਐੱਮ.ਕੇ.), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਅਤੇ ਤ੍ਰਿਣਮੂਲ ਕਾਂਗਰਸ ਸਣੇ ਹੋਰ ਪਾਰਟੀਆਂ ਦੇ 15 ਸੰਸਦ ਮੈਂਬਰ ਗਾਜ਼ੀਪੁਰ ਸਰਹੱਦ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਜਾ ਰਹੇ ਸਨ। ਪਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਲੀਡਰਾਂ ਨੂੰ ਪੁਲਿਸ ਬੈਰੀਕੇਡਿੰਗ ਪਾਰ ਕਰਨ ਅਤੇ ਵਿਰੋਧ ਸਥਾਨ ‘ਤੇ ਜਾਣ ਦੀ ਆਗਿਆ ਨਹੀਂ ਇੱਤੀ ਗਈ ਸੀ। ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਐਨਸੀਪੀ ਸੰਸਦ ਮੈਂਬਰ ਸੁਪ੍ਰਿਯਾ ਸੁਲੇ, ਡੀਐਮਕੇ ਤੋਂ ਕਨੀਮੋਝੀ ਅਤੇ ਤਿਰੂਚੀ ਸਿਵਾ, ਤ੍ਰਿਣਮੂਲ ਕਾਂਗਰਸ ਦੀ ਸੌਗਾਤਾ ਰਾਏ ਇਸ ਸਮੂਹ ਦਾ ਹਿੱਸਾ ਸਨ। ਨੈਸ਼ਨਲ ਕਾਨਫਰੰਸ, ਇਨਕਲਾਬੀ ਸਮਾਜਵਾਦੀ ਪਾਰਟੀ (ਆਰਐਸਪੀ) ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਦੇ ਮੈਂਬਰ ਵੀ ਸ਼ਾਮਿਲ ਸਨ।