Army open covid hospital : ਪੂਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਜਿਸ ਕਾਰਨ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧ ਰਹੇ ਹਨ। ਪਰ ਇਸ ਦੌਰਾਨ ਹੁਣ ਪੰਜਾਬ ਵਿੱਚ ਆਰਮੀ ਨੇ ਵੀ ਮੋਰਚਾ ਸੰਭਾਲ ਲਿਆ ਹੈ।
ਇਸ ਦੌਰਾਨ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦਾ ਅੰਤਰਰਾਸ਼ਟਰੀ ਹੋਸਟਲ ਹੁਣ ਭਾਰਤੀ ਸੈਨਾ ਦੀ ਪੱਛਮੀ ਕਮਾਂਡ ਦੁਆਰਾ ਸੰਚਾਲਿਤ 100 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਵਿੱਚ ਤਬਦੀਲ ਹੋ ਗਿਆ ਹੈ। ਕੱਲ੍ਹ ਤੋਂ, ਇਹ ਹਸਪਤਾਲ ਲੈਵਲ 1 ਲੈਵਲ 2 ਦੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰੇਗਾ। ਇੰਡੀਅਨ ਆਰਮੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਬੇਨਤੀ ‘ਤੇ ਸਿਰਫ 1 ਹਫਤੇ ਦੇ ਅੰਦਰ 100 ਬਿਸਤਰਿਆਂ ਵਾਲਾ ਕੋਵਿਡ ਹਸਪਤਾਲ ਤਿਆਰ ਕਰਕੇ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ।
ਇਸ ਹਸਪਤਾਲ ਵਿੱਚ ਚੰਡੀਗੜ੍ਹ ਦੇ ਹੋਰ ਹਸਪਤਾਲਾਂ ਤੋਂ ਰੈਫਰ ਕੀਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਅਜਿਹਾ ਹੀ ਹਸਪਤਾਲ ਫਰੀਦਾਬਾਦ ਅਤੇ ਪਟਿਆਲਾ ਵਿੱਚ ਵੀ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਪੱਛਮੀ ਕਮਾਂਡ ਨੰਗਲ ਦੇ ਅੰਦਰ ਆਕਸੀਜਨ ਪਲਾਂਟ ਸ਼ੁਰੂ ਕਰਨ ‘ਤੇ ਵੀ ਕੰਮ ਕਰ ਰਹੀ ਹੈ, ਜਲਦੀ ਹੀ ਇਹ ਪਲਾਂਟ ਵੀ ਸ਼ੁਰੂ ਕੀਤਾ ਜਾਵੇਗਾ ਜੋ ਹਸਪਤਾਲਾਂ ਨੂੰ ਆਕਸੀਜਨ ਦੀ ਸਪਲਾਈ ਕਰੇਗਾ। ਇਸ ਤੋਂ ਇਲਾਵਾ, ਫੌਜ ਦੀ ਟਾਸਕ ਫੋਰਸ ਹੋਰ ਉਦਯੋਗਿਕ ਪਲਾਂਟਾਂ ਦੀ ਵੀ ਜਾਂਚ ਕਰ ਰਹੀ ਹੈ ਜੋ ਆਕਸੀਜਨ ਬਣਾਉਂਦੇ ਹਨ, ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ।