ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ । ਅੱਜ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਕਰਨਗੇ । ਜਿੱਥੇ ਉਹ ਆਪਣੀ ਦੂਜੀ ਗਾਰੰਟੀ ਦਾ ਐਲਾਨ ਕਰ ਸਕਦੇ ਹਨ, ਜੋ ਰੁਜ਼ਗਾਰ ਤੇ ਰੁਜ਼ਗਾਰ ਭੱਤਿਆਂ ਨੂੰ ਲੈ ਕੇ ਹੋਵੇਗੀ। ਇਸ ਤੋਂ ਇਲਾਵਾ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਵੱਲੋਂ CM ਚਿਹਰੇ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਉਹ ਬੀਤੇ ਦਿਨ ਦੁਪਹਿਰ ਤੋਂ ਬਾਅਦ ਉਨ੍ਹਾਂ ਨੇ ਵਪਾਰੀਆਂ ਦੇ ਨਾਲ ਬੈਠਕ ਕੀਤੀ ਤੇ ਕਾਂਗਰਸ ਨੂੰ 5 ਮੁੱਦਿਆਂ ਨੂੰ ਹਰ ਕਰਨ ਦਾ ਚੈਲੈਂਜ ਦਿੱਤਾ। ਅਰਵਿੰਦ ਕੇਜਰੀਵਾਲ ਨੇ ਦੇਰ ਰਾਤ ਤੱਕ ਪਾਰਟੀ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਮੌਜੂਦਾ ਰਾਜਨੀਤਿਕ ਹਾਲਾਤਾਂ ‘ਤੇ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕੁਝ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਵੀ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਅੱਜ ਹੋਣ ਵਾਲੀ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ਵੱਲੋਂ ਦੂਜੀ ਗਾਰੰਟੀ ਦਾ ਐਲਾਨ ਕੀਤਾ ਜਾ ਸਕਦਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਦੌਰਾਨ ਕੇਜਰੀਵਾਲ ਰੁਜ਼ਗਾਰ ਦੇਣ ਤੇ ਰੁਜ਼ਗਾਰ ਭੱਤੇ ਦੀ ਰਕਮ ਵਧਾਉਣ ਦੀ ਗੱਲ ਕਰ ਸਕਦੇ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਕਾਂਗਰਸ ਵਿੱਚ ਜਾਰੀ ਕਾਟੋ-ਕਲੇਸ਼ ਤੇ ਵਪਾਰਿਕ ਸੰਗਠਨਾਂ ਨਾਲ ਹੋਈ ਗੱਲਬਾਤ ‘ਤੇ ਵੀ ਆਪਣਾ ਪੱਖ ਰੱਖ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਜ਼ਰੂਰਤ ਮੰਦਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ।