ਪੰਜਾਬ ਦੇ ਸੰਗਰੂਰ ਵਿੱਚ ਖਾਲੀ ਪਈ ਲੋਕ ਸਭਾ ਸੀਟ ਲਈ 23 ਜੂਨ ਨੂੰ ਜ਼ਿਮਨੀ ਚੋਣ ਹੋਣੀ ਹੈ । ਇਸਦੇ ਲਈ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਚੋਣ ਪ੍ਰਚਾਰ ਲਈ ਸੋਮਵਾਰ ਨੂੰ ਸੰਗਰੂਰ ਵਿੱਚ ਰੋਡ ਸ਼ੋਅ ਕਰਨਗੇ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਸੰਗਰੂਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਸ ਚੋਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਨ੍ਹਾਂ ਚੋਣਾਂ ਨੂੰ ਲੈ ਕੇ ਲਗਾਤਾਰ ਸੰਗਰੂਰ-ਬਰਨਾਲਾ ਦੇ ਪਿੰਡਾਂ ਵਿੱਚ ਰੋਡ ਸ਼ੋਅ ਕੀਤੇ ਗਏ। ਦੱਸ ਦੇਈਏ ਕਿ ਇਹ ਸੰਸਦੀ ਸੀਟ ਧੂਰੀ ਤੋਂ ਭਗਵੰਤ ਮਾਨ ਦੇ ਵਿਧਾਇਕ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ।
ਦੱਸ ਦੇਈਏ ਕਿ ਪੰਜਾਬ ਵਿੱਚ ਸੰਗਰੂਰ ਜ਼ਿਮਨੀ ਚੋਣ ਲਈ ਪ੍ਰਚਾਰ ਸੋਮਵਾਰ ਸ਼ਾਮ 6 ਵਜੇ ਸਮਾਪਤ ਹੋ ਜਾਵੇਗਾ । ਚੋਣਾਂ ਦੇ ਮੱਦੇਨਜ਼ਰ 21 ਜੂਨ ਸ਼ਾਮ 6 ਵਜੇ ਤੋਂ ਲੈ ਕੇ 23 ਜੂਨ 2022 ਨੂੰ ਹੋਣ ਵਾਲੀ ਵੋਟਿੰਗ ਤੱਕ ਪੂਰੇ ਖੇਤਰ ਵਿੱਚ ਮੁਕੰਮਲ ਡਰਾਈ ਡੇਅ ਦਾ ਐਲਾਨ ਕੀਤਾ ਗਿਆ ਹੈ । ਇਸ ਦੌਰਾਨ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਪਿਛਲੇ 48 ਘੰਟਿਆਂ ਨਾਲ ਸਬੰਧਤ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ 21 ਜੂਨ ਸ਼ਾਮ 6 ਵਜੇ ਤੋਂ ਲਾਗੂ ਹੋ ਜਾਵੇਗੀ।
ਇਹ ਵੀ ਪੜ੍ਹੋ: ‘ਜਿਨ੍ਹਾਂ ਨੇ ਪੰਜਾਬੀਆਂ ਦਾ ਇੱਕ ਵੀ ਰੁਪਇਆ ਖਾਧਾ, ਓਹਦਾ ਮੈਂ ਵਿਆਜ ਸਮੇਤ ਹਿਸਾਬ ਲਊਂਗਾ’ : CM ਮਾਨ
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੂਲਤ ਦੇਣ ਲਈ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਬੰਧਤ ਵਿਧਾਨ ਸਭਾ ਹਲਕਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135ਬੀ ਦੇ ਉਪਬੰਧਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਵਿੱਚ ਸਨਅਤੀ ਖੇਤਰਾਂ, ਕਾਰੋਬਾਰੀ ਖੇਤਰਾਂ, ਦੁਕਾਨਾਂ ਅਤੇ ਸੰਸਥਾਵਾਂ ਦੇ ਕਰਮਚਾਰੀ 23 ਜੂਨ 2022 ਨੂੰ ਵੋਟਿੰਗ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ‘ਤੇ ਹੋਣਗੇ ।
ਵੀਡੀਓ ਲਈ ਕਲਿੱਕ ਕਰੋ -: