ਪੰਜਾਬ ਦੇ ਫ਼ਰੀਦਕੋਟ ਵਿਚ ਇਕ ਮਹਿਲਾ ਨੂੰ ਆਪਣਾ ਪਤੀ ਤੇ ਬੱਚੇ ਛੱਡ ਦੂਜੀ ਥਾਂ ’ਤੇ ਵਿਆਹ ਕਰਵਾਉਣਾ ਭਾਰੀ ਪੈ ਗਿਆ। 18 ਫਰਵਰੀ ਨੂੰ ਦੇਰ ਰਾਤ ਮਹਿਲਾ ਦੇ ਦੂਜੇ ਪਤੀ ਨੇ ਉਸ ਦੇ ਪਹਿਲੇ ਪਤੀ ਦਾ ਕਤਲ ਕਰ ਦਿੱਤਾ। ਇਸ ਹਮਲੇ ਦੌਰਾਨ ਮਹਿਲਾ ਵੀ ਜ਼ਖਮੀ ਹੋਈ ਹੈ, ਜਿਸ ਨੂੰ ਇਲਾਜ ਲਈ ਮੈਡੀਕਲ ਕਾਲਜ ‘ਚ ਭਰਤੀ ਕਰਵਾਇਆ ਗਿਆ ਹੈ। ਮਾਮਲਾ ਫ਼ਰੀਦਕੋਟ ਦੀ ਡੋਗਰ ਬਸਤੀ ਦਾ ਹੈ। ਮ੍ਰਿਤਕ ਦੀ ਪਛਾਣ ਪਰਵਿੰਦਰ (41) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਡੋਗਰ ਬਸਤੀ ਦੀ ਰਹਿਣ ਵਾਲੀ ਮਹਿਲਾ ਜੱਸੋ ਨੇ ਦੱਸਿਆ ਕਿ ਉਸ ਦੇ ਲੜਕੇ ਪਰਵਿੰਦਰ ਦਾ ਵਿਆਹ ਸਾਲ 2007 ਵਿੱਚ ਲੜਕੀ ਨਾਲ ਹੋਇਆ ਸੀ। ਨੂੰਹ ਦਾ ਸੰਦੀਪ ਨਾਲ ਅਫੇਅਰ ਚੱਲ ਰਿਹਾ ਹੈ, ਜੋ ਕਿ ਉਸੇ ਇਲਾਕੇ ਦੀ ਦੂਜੀ ਗਲੀ ਵਿੱਚ ਰਹਿੰਦਾ ਹੈ। ਕੁਝ ਮਹੀਨੇ ਪਹਿਲਾਂ ਉਹ ਘਰ ਛੱਡ ਕੇ ਸੰਦੀਪ ਨਾਲ ਚਲੀ ਗਈ ਸੀ। ਉਹ 2 ਦਿਨ ਪਹਿਲਾਂ ਹੀ ਘਰ ਪਰਤੀ ਸੀ।
ਐਤਵਾਰ ਰਾਤ ਨੂੰ ਪਰਿਵਾਰਕ ਮੈਂਬਰ ਘਰ ‘ਚ ਮੌਜੂਦ ਸਨ। ਸੰਦੀਪ ਆਪਣੇ ਸਾਥੀਆਂ ਮਨੀ ਤੇ ਸ਼ੰਕਰ ਤੇ ਹੋਰਾਂ ਨਾਲ ਮਿਲ ਕੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਇਆ। ਉਨ੍ਹਾਂ ਨੇ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਪਰਵਿੰਦਰ ਅਤੇ ਨੂੰਹ ‘ਤੇ ਹਮਲਾ ਕਰ ਦਿੱਤਾ। ਲੜਾਈ ‘ਚ ਪਰਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨੂੰਹ ਗੰਭੀਰ ਜ਼ਖਮੀ ਹੋ ਗਈ। ਇਸ ਤੋਂ ਬਾਅਦ ਹਮਲਾਵਰ ਘਰੋਂ ਚਲੇ ਗਏ। ਨੂੰਹ ਨੂੰ ਰਾਤ ਨੂੰ ਹੀ ਜ਼ਖਮੀ ਹਾਲਤ ‘ਚ ਮੈਡੀਕਲ ਕਾਲਜ ਲਿਜਾਇਆ ਗਿਆ। ਹੁਣ ਉਸ ਦਾ ਉੱਥੇ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਬਟਾਲਾ ਪੁਲਿਸ ਦੀ ਨ.ਸ਼ਾ ਤ.ਸਕਰਾਂ ਖਿਲਾਫ ਸਖ਼ਤ ਕਾਰਵਾਈ, ਤ.ਸਕਰ ਦੀ 31.44 ਲੱਖ ਦੀ ਜਾਇਦਾਦ ਕੀਤੀ ਜ਼ਬਤ
ਸੂਚਨਾ ਮਿਲਣ ਤੋਂ ਬਾਅਦ DSP ਸ਼ਮਸ਼ੇਰ ਸਿੰਘ ਥਾਣਾ ਸਿਟੀ ਦੀ ਟੀਮ ਸਮੇਤ ਮੌਕੇ ’ਤੇ ਪੁੱਜੇ। DSP ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜ਼ਖ਼ਮੀ ਔਰਤ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਸੰਦੀਪ ਨਾਲ ਗਈ ਸੀ। ਉਹ ਕੁਝ ਸਮਾਂ ਪਹਿਲਾਂ ਘਰ ਆਈ ਸੀ। ਇਸ ਤੋਂ ਬਾਅਦ ਸੰਦੀਪ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਵਿਅਕਤੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।