ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਜੁੜਿਆ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮਾਨਸਾ ਅਦਾਲਤ ਵੱਲੋਂ ਸਾਰੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਕੋਰਟ ਵੱਲੋਂ ਮੁਲਜ਼ਮਾਂ ਵੱਲੋਂ ਦਾਇਰ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ।
ਮੁਲਜ਼ਮਾਂ ‘ਤੇ ਦੋਸ਼ ਤੈਅ ਹੋਣ ਤੋਂ ਬਾਅਦ ਬਲਕੌਰ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅੱਜ ਮਨ ਨੂੰ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਕੋਰਟ ਨੇ ਅੱਜ ਸਾਰੇ ਮੁਲਜ਼ਮਾਂ ਖਿਲਾਫ ਚਾਰਜ ਫਰੇਮ ਕੀਤੇ ਹਨ। ਕੇਸ ਨੂੰ ਦੇਰੀ ਕਰਨ ਲਈ ਵੱਖ-ਵੱਖ ਦੋਸ਼ੀਆਂ ਵੱਲੋਂ ਅਰਜ਼ੀਆਂ ਪਾਈਆਂ ਜਾ ਰਹੀਆਂ ਸਨ ਤਾਂ ਕਿ ਕੇਸ ਨੂੰ ਲੰਬਾ ਕੀਤਾ ਜਾ ਸਕੇ। ਪਰ ਅੱਜ ਅਦਾਲਤ ਨੇ ਵੱਡਾ ਫੈਸਲਾ ਸੁਣਾਉਂਦੇ ਹੋਏ ਮੁਲਜ਼ਮਾਂ ਖਿਲਾਫ ਦੋਸ਼ ਆਇਦ ਕਰ ਦਿੱਤੇ ਹਨ ਜਿਸ ਨਾਲ ਆਸ ਦੀ ਕਿਰਨ ਬੱਝੀ ਹੈ।
ਇਹ ਵੀ ਪੜ੍ਹੋ : ਇਲਾਜ ਲਈ ਹਸਪਤਾਲ ਲਿਆਂਦੇ ਕੈਦੀ ਦਾ ਕਾਰਨਾਮਾ, ਬੈੱਡ ‘ਤੇ ਹੱਥਕੜੀ ਛੱਡ ਕੇ ਹੋਇਆ ਫਰਾਰ
ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅਗਵਾਈ ਕਰ ਰਹੇ ਵਕੀਲ ਨੇ ਦੱਸਿਆ ਕਿ ਹੁਣ ਅਗਲੀ ਸੁਣਵਾਈ 15 ਮਈ ‘ਤੇ ਰੱਖੀ ਗਈ ਹੈ ਤੇ 20 ਮਈ ਤੋਂ ਇਸ ਕੇਸ ਦੀ ਰੈਗੂਲਰ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।