ਚੰਡੀਗੜ, 17 ਜੂਨ: 2015 ਵਿੱਚ ਵਾਪਰੀ ਬਹਿਬਲ ਕਲਾਂ ਪੁਲੀਸ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਇਕ ਵੱਡੀ ਸਫਲਤਾ ਦਰਜ ਕਰਦਿਆਂ ਇਸ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਬੁੱਧਵਾਰ ਨੂੰ ਇਸ ਕੇਸ ਵਿੱਚ ਦੂਜੀ ਗਿ੍ਰਫਤਾਰੀ ਕੀਤੀ ਗਈ ਹੈ।ਪੁਲੀਸ ਵੱਲੋਂ ਫਰੀਦਕੋਟ ਦੇ ਰਹਿਣ ਵਾਲੇ ਵਿਅਕਤੀ ਨੂੰ ਝੂਠੇ ਸਬੂਤ ਘੜਨ ਅਤੇ ਦੋਸ਼ੀ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਸ਼ਰਮਾ ਜੋ ਉਸ ਸਮੇਂ ਐਸ.ਐਸ.ਪੀ. ਮੋਗਾ ਵਜੋਂ ਤਾਇਨਾਤ ਸਨ, ਨਾਲ ਮਿਲੀਭੁਗਤ ਦੇ ਦੋਸ਼ਾਂ ਹੇਠ ਗਿ੍ਰਫ਼ਤਾਰ ਕੀਤੀ ਗਿਆ ਹੈ।
ਸ਼ਰਮਾ ਨੂੰ ਪਹਿਲਾਂ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਇਸ ਕੇਸ ਵਿੱਚ ਚਾਰਜਸ਼ੀਟ ਕੀਤਾ ਗਿਆ ਸੀ ਪਰ ਫਿਲਹਾਲ ਉਹ ਸਿਹਤ ਸਥਿਤੀ ਦੇ ਅਧਾਰ ਲੂ’ਤੇ ਹਾਈ ਕੋਰਟ ਤੋਂ ਅੰਤਰਿਮ ਜ਼ਮਾਨਤ ’ਤੇ ਬਾਹਰ ਹੈ। ਦੂਜੀ ਗ੍ਰਿਫ਼ਤਾਰੀ ਦੇ ਵੇਰਵੇ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਦੇ ਮੁੱਖ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਹੇਲ ਸਿੰਘ ਬਰਾੜ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਸਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ। ਮੁੱਢਲੀ ਪੜਤਾਲ ਤੋਂ ਪਤਾ ਚੱਲਿਆ ਕਿ ਸ਼ਰਮਾ ਦੇ ਕਰੀਬੀ ਬਰਾੜ ਦੇ ਘਰ ਸ਼ਰਮਾ ਅਤੇ ਉਸ ਸਮੇਂ ਦੇ ਹੋਰ ਭਿ੍ਰਸ਼ਟ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਪੂਰੀ ਸਾਜਿਸ਼ ਘੜੀ ਗਈ। ਬਰਾੜ ਨੇ ਕਥਿਤ ਤੌਰ ’ਤੇ ਪੁਲਿਸ ਅਧਿਕਾਰੀਆਂ ਨੂੰ ਉਸਦੀ ਰਿਹਾਇਸ਼ੀ ਜਗਾ ਅਤੇ ਉਸ ਦੀ 12 ਬੋਰ ਦੀ ਬੰਦੂਕ ਦੇ ਕੇ ਸ਼ਰਮਾ ਦੀ ਪਾਇਲਟ ਜਿਪਸੀ ’ਤੇ ਗੋਲੀਆਂ ਚਲਾਉਣ ਵਿੱਚ ਮਦਦ ਦਿੱਤੀ ਜਿਸ ਨੇ ਦਾਅਵਾ ਕੀਤਾ ਸੀ ਕਿ ਪ੍ਰਦਰਸ਼ਨਕਾਰੀਆਂ ਦੀ ਭੀੜ ਦੁਆਰਾ ਜਿਪਸੀ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਹੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।
ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਅਨੁਸਾਰ ਜਦੋਂ ਬਰਗਾੜੀ ਅਤੇ ਹੋਰ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਤੋਂ ਬਾਅਦ 14.10.2015 ਨੂੰ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਧਰਨੇ ’ਤੇ ਬੈਠੇ ਨਿਰਦੋਸ਼ ਪ੍ਰਦਰਸ਼ਨਕਾਰੀਆਂ ’ਤੇ ਫਾਇਰਿੰਗ ਹੋਈ ਤਾਂ ਗੋਲੀਬਾਰੀ ਲਈ ਜ਼ਿੰਮੇਵਾਰ ਪੁਲੀਸ ਟੀਮ ਨੇ ਆਪਣੇ ਬਚਾਅ ਲਈ ਇੱਕ ਸਾਜਿਸ਼ ਘੜੀ।ਉਨਾਂ ਵੱਲੋਂ ਆਪਣੇ ਬਚਾਅ ਦੀ ਕਹਾਣੀ ਦੀ ਹਮਾਇਤ ਲਈ ਉਸ ਸਮੇਂ ਦੇ ਮੋਗਾ ਦੇ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ ’ਤੇ ਜਾਅਲੀ ਗੋਲੀਆਂ ਦੇ ਨਿਸ਼ਾਨ ਲਗਾ ਕੇ ਝੂਠੇ ਸਬੂਤ ਘੜੇ ਗਏ। ਸ਼ਰਮਾ ਦੇ ਡਰਾਈਵਰ ਗੁਰਨਾਮ ਸਿੰਘ, ਜੋ ਕਿ ਐਸਕੋਰਟ ਵਹੀਕਲ ਚਲਾ ਰਿਹਾ ਸੀ, ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਮਾਰੂਤੀ ਜਿਪਸੀ ’ਤੇ ਕੋਈ ਗੋਲੀ ਨਹੀਂ ਚਲਾਈ ਗਈ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਰਾੜ ਦੀ ਗਿ੍ਰਫਤਾਰੀ ਨਾਲ ਬਹਿਬਲ ਕਲਾਂ ਕੇਸ ਵਿੱਚ ਵਾਪਰੀਆਂ ਲੜੀਵਾਰ ਘਟਨਾਵਾਂ ਨਾਲ ਜੁੜੇ ਵੱਡੇ ਸਬੰਧ ਸਾਹਮਣੇ ਆਏ ਹਨ ਅਤੇ ਅਗਲੇਰੀ ਜਾਂਚ ਵਿੱਚ ਸਾਜਿਸ਼ ਦੇ ਹੋਰ ਪਹਿਲੂਆਂ ਤੋਂ ਪਰਦਾ ਉੱਠਣ ਦੀ ਉਮੀਦ ਹੈ। ਇਸ ਦੌਰਾਨ ਕੋਟਕਪੁਰਾ ਗੋਲੀਬਾਰੀ ਦੀ ਘਟਨਾ ਵਿੱਚ ਵੀ ਜਾਂਚ ਜਾਰੀ ਹੈ, ਜਿਸ ਵਿੱਚ ਫਰੀਦਕੋਟ ਦੀ ਅਦਾਲਤ ਵਿੱਚ ਉਸ ਵੇਲੇ ਦੇ ਹਲਕਾ ਇੰਚਾਰਜ ਅਤੇ ਵਿਧਾਇਕ ਮਨਤਾਰ ਬਰਾੜ, ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਐਸਐਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਤਿੰਨ ਹੋਰਾਂ ਸਮੇਤ ਛੇ ਵਿਅਕਤੀਆਂ ਖਿਲਾਫ਼ ਤਿੰਨ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਹਨ। ਸੀ.ਬੀ.ਆਈ. ਦੇ ਜਾਂਚ ਨੂੰ ਕਿਸੇ ਤਣ ਪੱਤਣ ਲਾਉਣ ਤੋਂ ਅਸਫ਼ਲ ਰਹਿਣ ਤੋਂ ਬਾਅਦ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਮਲਿਆਂ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇਸ ਸਾਲ ਫਰਵਰੀ ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।