ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾਫੇਰ ਜਿੱਤ ਤੋਂ ਬਾਅਦ ਭਗਵੰਤ ਮਾਨ ਦੇ ਸਿਰ ਮੁੱਖ ਮੰਤਰੀ ਦਾ ਤਾਜ ਸਜਣ ਜਾ ਰਿਹਾ ਹੈ । ਭਗਵੰਤ ਮਾਨ ਬੁੱਧਵਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਨਵਾਂਸ਼ਹਿਰ ਦੇ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਗਵੰਤ ਮਾਨ ਸੂਬੇ ਦੀ ਸੱਤਾ ਸੰਭਾਲਦੇ ਹੀ ਪੰਜਾਬ ਦੇ ਲੋਕਾਂ ਨਾਲ ਔਰਤਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਅਤੇ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦੇ ਨੂੰ ਪੂਰਾ ਕਰਨਗੇ।
ਦੱਸ ਦੇਈਏ ਕਿ ਦਿੱਲੀ ਵਿੱਚ ਸੀਮਤ ਸ਼ਕਤੀਆਂ ਦੇ ਬਾਵਜੂਦ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਕੰਮਾਂ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿੱਚ ਦਿੱਲੀ ਮਾਡਲ ਪੇਸ਼ ਕਰਕੇ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਉਸੇ ਦਿੱਲੀ ਮਾਡਲ ਦੀ ਤਰਜ਼ ‘ਤੇ ਹੀ ਹੁਣ ਸੂਬੇ ਦੇ ਵਿਕਾਸ ਨੂੰ ਲਿਖਣਾ ਪਵੇਗਾ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵੋਟਰਾਂ ਨੂੰ ਲੁਭਾਉਣ ਲਈ ਕਈ ਅਹਿਮ ਐਲਾਨ ਅਤੇ ਵਾਅਦੇ ਕੀਤੇ ਸਨ।
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਰ ਵਰਗ ਨਾਲ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਤੇ ਮਜ਼ਦੂਰਾਂ ਲਈ ਕਈ ਵਾਅਦੇ ਕੀਤੇ ਹਨ। ਅਜਿਹੇ ਵਿੱਚ ਪੰਜਾਬ ਦੇ ਲੋਕਾਂ ਨੇ ਰਿਵਾਇਤੀ ਪਾਰਟੀਆਂ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੂੰ ਚੁਣਿਆ ਹੈ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਆਪਣੇ ਵਾਅਦੇ ਪੂਰੇ ਕਰਨ ਲਈ ਕੰਮ ਕਰਨ ।
ਆਮ ਆਦਮੀ ਪਾਰਟੀ ਦੇ ਵਾਅਦੇ
- ਪੰਜਾਬ ਵਿੱਚ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣਾ । ਦਿੱਲੀ ਦੀ ਤਰਜ਼ ‘ਤੇ ਹਰ ਮਹੀਨੇ ਘਰਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣਾ ਅਤੇ ਘਰੇਲੂ ਬਿਜਲੀ ਦੇ ਬਿੱਲਾਂ ਦੇ ਪੁਰਾਣੇ ਬਕਾਇਆ ਬਿੱਲ ਮੁਆਫ ਕਰਨਾ । ਨਾਲ ਹੀ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨ ਹੇਠਾਂ ਵਿਛਾਉਣ ਦਾ ਕੰਮ ਕਰਨਾ।
- ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ ‘ਤੇ ਪੰਜਾਬ ਦੇ ਹਰ ਪਿੰਡ ਅਤੇ ਕਸਬੇ ਦੇ ਵਾਰਡਾਂ ਅਤੇ ਪਿੰਡਾਂ ਵਿੱਚ 16,000 ਕਲੀਨਿਕ ਬਣਾਉਣਾ, ਜਿੱਥੇ ਲੋਕ ਸਸਤਾ ਅਤੇ ਮੁਫ਼ਤ ਇਲਾਜ ਕਰਵਾ ਸਕਦੇ ਹਨ।
- 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਲਈ 1000 ਪ੍ਰਤੀ ਮਹੀਨਾ ਦੀ ਗਾਰੰਟੀ
- ਹਰ ਬੱਚੇ ਨੂੰ ਪਹਿਲੀ ਤੋਂ ਡਿਗਰੀ ਤੱਕ ਮੁਫਤ ਸਿੱਖਿਆ
- ਅਨੁਸੂਚਿਤ ਜਾਤੀ ਦੇ ਬੱਚਿਆਂ ਲਈ ਵੋਕੇਸ਼ਨਲ ਕੋਰਸਾਂ ਵਿੱਚ ਦਾਖਲੇ ਲਈ ਕੋਚਿੰਗ ਫੀਸ ਸਰਕਾਰ ਅਦਾ ਕਰੇਗੀ
- ਜੇਕਰ ਕੋਈ ਅਨੁਸੂਚਿਤ ਜਾਤੀ ਦਾ ਵਿਦਿਆਰਥੀ B.A , M.A ਦੀ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਦਾ ਸਾਰਾ ਖਰਚਾ ਸਰਕਾਰ ਕਰੇਗੀ
- ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਖਾਲੀ ਅਸਾਮੀਆਂ ਨੂੰ ਭਰਨਾ
- ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ, ਚੰਡੀਗੜ੍ਹ ਨੂੰ ਕੂੜਾ ਮੁਕਤ ਬਣਾਉਣਾ ਅਤੇ ਝੁੱਗੀ-ਝੌਂਪੜੀ ਵਾਲਿਆਂ ਲਈ ਪੱਕੇ ਮਕਾਨ ਬਣਾਉਣ ਦਾ ਵਾਅਦਾ
- ਔਰਤਾਂ ਦੀ ਸੁਰੱਖਿਆ ਲਈ 24 ਮਹਿਲਾ ਹੈਲਪਲਾਈਨ ਅਤੇ ਚੰਡੀਗੜ੍ਹ ਵਿੱਚ ਸੀ.ਸੀ.ਟੀ.ਵੀ. ਕੈਮਰੇ
ਵੀਡੀਓ ਲਈ ਕਲਿੱਕ ਕਰੋ -: