ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਹੁਣ ‘ਖ਼ਾਸ’ ਡਿਫਾਲਟਰਾਂ ਖਿਲਾਫ਼ ਸਖਤ ਕਦਮ ਚੁੱਕੇ ਜਾ ਰਹੇ ਹੈ ਜਿਨ੍ਹਾਂ ਨੇ ਬਿਜਲੀ ਬਿੱਲ ਲੱਖਾਂ-ਕਰੋੜਾਂ ਵਿੱਚ ਹਨ। ਇਨ੍ਹਾਂ ਧਨਾਢ ਖਪਤਕਾਰਾਂ ਵੱਲੋਂ ਕਈ ਸਾਲਾਂ ਤੋਂ ਬਿਜਲੀ ਬਿੱਲ ਤਾਰ ਨਹੀਂ ਰਹੇ ਸਨ। ਪਾਵਰਕੌਮ ਵੱਲੋਂ ਪੰਜ ਲੱਖ ਤੋਂ ਵੱਧ ਰਕਮ ਦੇ ਡਿਫਾਲਟਰਾਂ ਦਾ ਅੰਕੜਾ ਕੱਢਿਆ ਹੈ ਜਿਸ ਅਨੁਸਾਰ ਸੂਬੇ ਵਿੱਚ 900 ਡਿਫਾਲਟਰਾਂ ਵੱਲ ਪ੍ਰਤੀ ਕੁਨੈਕਸ਼ਨ ਪੰਜ ਲੱਖ ਤੋਂ ਵੱਧ ਬਿਜਲੀ ਬਕਾਇਆ ਖੜ੍ਹਾ ਹੈ।ਇਸ ਤੋਂ ਇਲਾਵਾ ਪੰਜਾਬ ਵਿੱਚ ਦਰਜਨ ਡਿਫਾਲਟਰ ਅਜਿਹੇ ਵੀ ਲੱਭੇ ਹਨ ਜਿਨ੍ਹਾਂ ਵੱਲ ਪ੍ਰਤੀ ਕੁਨੈਕਸ਼ਨ ਇੱਕ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਖੜ੍ਹੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਨ੍ਹਾਂ ਡਿਫਾਲਟਰਾਂ ਦੀ ਸ਼ਨਾਖ਼ਤ ਕਰਨ ਵਾਸਤੇ ਹਦਾਇਤ ਕੀਤੀ ਸੀ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜ਼ੁਬਾਨੀ ਹੁਕਮ ਦਿੱਤਾ ਸੀ ਕਿ ਸਭ ਤੋਂ ਪਹਿਲਾਂ ਬਕਾਇਆ ਵਸੂਲੀ ਵੱਡੇ ਡਿਫਾਲਟਰਾਂ ਤੋਂ ਸ਼ੁਰੂ ਕੀਤੀ ਜਾਵੇ, ਨਾ ਕਿ ਪਿੰਡਾਂ ਦੇ ਵਿਹੜਿਆਂ ਵਿੱਚੋਂ। ਪਾਵਰਕੌਮ ਦੇ ਪੰਜ ਲੱਖ ਤੋਂ ਵੱਧ ਬਕਾਇਆ ਰਕਮ ਵਾਲੇ ਡਿਫਾਲਟਰਾਂ ਵੱਲ 120 ਕਰੋੜ ਦੀ ਰਾਸ਼ੀ ਬਕਾਇਆ ਖੜ੍ਹੀ ਹੈ। ਇਨ੍ਹਾਂ ਵਿੱਚ ਸਬ ਅਰਬਨ ਸਰਕਲ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 170 ਵੱਡੇ ਡਿਫਾਲਟਰ ਹਨ ਜਦੋਂ ਕਿ ਮੋਹਾਲੀ ਵਿੱਚ 104 ਵੱਡੇ ਡਿਫਾਲਟਰਾਂ ਵੱਲ 19.61 ਕਰੋੜ ਦੀ ਰਾਸ਼ੀ ਬਕਾਇਆ ਹੈ। ਪਾਵਰਕੌਮ ਦੇ ਦੱਖਣੀ ਜ਼ੋਨ ਵਿਚ ਅੱਠ ਡਿਫਾਲਟਰਾਂ ਵੱਲ ਪ੍ਰਤੀ ਕੁਨੈਕਸ਼ਨ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਹੈ।
ਇਹ ਵੀ ਪੜ੍ਹੋ: ‘ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਣਗੀਆਂ’: ਟਰਾਂਸਪੋਰਟ ਮੰਤਰੀ
ਉੱਥੇ ਹੀ ਦੂਜੇ ਪਾਸੇ ਪੱਛਮੀ ਜ਼ੋਨ ਵਿੱਚ ਚਾਰ ਡਿਫਾਲਟਰਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ਵੱਲ ਪ੍ਰਤੀ ਖਪਤਕਾਰ ਕਰੋੜ ਤੋਂ ਵੱਧ ਬਕਾਇਆ ਰਾਸ਼ੀ ਹੈ। ਮਲੋਟ ਦੇ ਇੱਕ ਡਿਫਾਲਟਰ ਵੱਲ ਡੇਢ ਕਰੋੜ ਅਤੇ ਦੂਜੇ ਵੱਲ 1.17 ਕਰੋੜ ਦਾ ਬਕਾਇਆ ਹੈ। ਪਾਵਰਕੌਮ ਵੱਲੋਂ ਬੀਤੇ ਦਿਨਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ 499 ਵੱਡੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ ਜਿਨ੍ਹਾਂ ਵੱਲ 52 ਕਰੋੜ ਦੀ ਰਾਸ਼ੀ ਫਸੀ ਹੋਈ ਸੀ। ਪਾਵਰਕੌਮ ਵੱਲੋਂ ਸਰਹੱਦੀ ਜ਼ੋਨ ਵਿੱਚ ਸਭ ਤੋਂ ਵੱਧ 165 ਕੁਨੈਕਸ਼ਨ ਕੱਟੇ ਗਏ ਹਨ। ਇਸ ਮੁਹਿੰਮ ਦੇ ਜ਼ਰੀਏ ਪਾਵਰਕੌਮ ਨੇ 132 ਵੱਡੇ ਡਿਫਾਲਟਰਾਂ ਤੋਂ 8.25 ਕਰੋੜ ਦੀ ਰਕਮ ਵਸੂਲ ਵੀ ਕੀਤੀ ਗਈ ਹੈ।
ਦੱਖਣੀ ਜ਼ੋਨ ਦੇ ਮੁੱਖ ਇੰਜਨੀਅਰ ਸੰਦੀਪ ਗੁਪਤਾ ਨੇ ਦੱਸਿਆ ਕਿ ਸਰਕਾਰੀ ਖਪਤਕਾਰਾਂ ਦੇ 71 ਕੁਨੈਕਸ਼ਨਾਂ ਵਿਰੁੱਧ 352.55 ਲੱਖ ਰੁਪਏ ਅਤੇ ਗੈਰ-ਸਰਕਾਰੀ ਖ਼ਪਤਕਾਰਾਂ ਦੇ 1439 ਕੁਨੈਕਸ਼ਨਾਂ ਵੱਲ ਖੜ੍ਹੀ 464.6 ਲੱਖ ਰੁਪਏ ਦੀ ਰਕਮ ਵਸੂਲੀ ਜਾ ਚੁੱਕੀ ਹੈ। ਮੁੱਖ ਇੰਜਨੀਅਰ ਸੰਦੀਪ ਗੁਪਤਾ ਨੇ ਅਪੀਲ ਕੀਤੀ ਕਿ ਜਿਹੜੇ ਵੀ ਸਨਅਤੀ, ਵਪਾਰਕ, ਘਰੇਲੂ ਆਦਿ ਸਰਕਾਰੀ ਜਾਂ ਗੈਰ-ਸਰਕਾਰੀ ਖ਼ਪਤਕਾਰਾਂ ਵੱਲ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਖੜ੍ਹੀ ਹੈ, ਉਹ ਇਹ ਰਕਮ ਨਕਦ ਜਾਂ ਵੱਖ-ਵੱਖ ਡਿਜੀਟਲ ਸਹੂਲਤਾਂ ਰਾਹੀਂ ਤੁਰੰਤ ਜਮ੍ਹਾਂ ਕਰਵਾਉਣ । ਉਨ੍ਹਾਂ ਕਿਹਾ ਕਿ ਖ਼ਪਤਕਾਰ ਇਸ ਰਕਮ ਦੀ ਅਦਾਇਗੀ ਦੀ ਰਸੀਦ ਸੰਭਾਲ ਕੇ ਰੱਖਣ ਤਾਂ ਜੋ ਸਬੂਤ ਵਜੋਂ ਇਹ ਦਿਖਾਈ ਜਾ ਸਕੇ ।
ਦੱਸ ਦੇਈਏ ਕਿ ਪਾਵਰਕੌਮ ਵੱਲੋਂ ਸਿਖਰਲੇ ਡਿਫਾਲਟਰਾਂ ਤੋਂ ਸ਼ੁਰੂਆਤ ਕਰਕੇ ਹੇਠਾਂ ਵੱਲ ਨੂੰ ਵਧਣ ਦੀ ਰਣਨੀਤੀ ਬਣਾਈ ਗਈ ਹੈ। ਆਮ ਡਿਫਾਲਟਰਾਂ ਨੂੰ ਪਾਵਰਕੌਮ ਨੇ ਪ੍ਰੇਰ ਕੇ ਬਕਾਇਆ ਵਸੂਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਅਧਿਕਾਰੀ ਇਨ੍ਹਾਂ ਖਪਤਕਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਆਮ ਡਿਫਾਲਟਰ ਖਪਤਕਾਰਾਂ ਨੂੰ ਬਕਾਏ ਤਾਰਨ ਲਈ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਹੋਰ ਰਾਹ ਨਾ ਬਚਿਆ ਤਾਂ ਉਦੋਂ ਅਖੀਰਲੇ ਹਥਿਆਰ ਵਜੋਂ ਆਮ ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: