ਪਟਿਆਲਾ ਵਿੱਚ ਭਵਾਨੀਗੜ੍ਹ ਦੇ ਭਾਜਪਾ ਆਗੂ ਦੇ ਸੁਰੱਖਿਆ ਗਾਰਡ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ (28) ਵਜੋਂ ਹੋਈ ਹੈ। ਉਸ ਦੀ ਦੇਹ ਸਕਾਰਪੀਓ ਗੱਡੀ ‘ਚੋਂ ਮਿਲੀ ਹੈ। ਉਹ ਮਾਲਵਾ ਐਨਕਲੇਵ, ਭਾਦਸੋਂ ਰੋਡ ਪਟਿਆਲਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਗੰਨਮੈਨ ਦੀ ਦੇਹ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਅੱਜ ਜਦੋਂ ਉਹ ਆਪਣੀ ਸਕਾਰਪੀਓ ਗੱਡੀ ਰਾਹੀਂ ਪਟਿਆਲਾ ਤੋਂ ਭਵਾਨੀਗੜ੍ਹ ਜਾ ਰਿਹਾ ਸੀ, ਤਾਂ ਕੁਝ ਕਿੱਲੋਮੀਟਰ ਜਾਣ ’ਤੇ ਧਬਲਾਨ ਪਿੰਡ ਦੇ ਟੀ-ਪੁਆਇੰਟ ’ਤੇ ਉਸ ਦੀ ਸਕਾਰਪੀਓ ਗੱਡੀ ਰੁੱਕ ਗਈ ਤੇ ਫਿਰ ਇਸ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਉਸ ਦੇ ਮੱਥੇ ’ਤੇ ਗੋਲੀ ਲੱਗਣ ਦਾ ਨਿਸ਼ਾਨ ਵੀ ਹੈ। ਉੱਧਰ, ਸੂਚਨਾ ਮਿਲਣ ’ਤੇ ਘਟਨਾ ਸਥਾਨ ’ਤੇ ਪਹੁੰਚੇ ਥਾਣਾ ਪਸਿਆਣਾ ਦੇ SHO ਇੰਸਪੈਕਟਰ ਕਰਨਵੀਰ ਸਿੰਘ ਸਿੱਧੂ ਤੇ ਟੀਮ ਨੇ ਮੁੱਢਲੀ ਕਾਰਵਾਈ ਮਗਰੋਂ ਲਾਸ਼ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤੀ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਸਣੇ ਕਾਂਗਰਸ ਦੇ ਵਫਦ ਨੇ ਰਾਜ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ
ਭਵਾਨੀਗੜ੍ਹ ਦੇ ਰਹਿਣ ਵਾਲੇ ਭਾਜਪਾ ਆਗੂ ਜੀਵਨ ਗਰਗ ਨੇ ਦੱਸਿਆ ਕਿ ਅੱਜ 11 ਕੁ ਵਜੇ ਨਵਜੋਤ ਸਿੰਘ ਦੀ ਮਾਤਾ ਨੇ ਫੋਨ ਕੀਤਾ ਕਿ ਉਸ ਦੇ ਪੁੱਤਰ ਦੀ ਭਵਾਨੀਗੜ੍ਹ ਜਾਂਦੇ ਹੋਏ ਰਸਤੇ ਵਿੱਚ ਕਾਰ ਵਿੱਚ ਹੀ ਮੌਤ ਹੋ ਗਈ। ਗਰਗ ਨੇ ਦੱਸਿਆ ਕਿ ਮਗਰੋਂ ਉਨ੍ਹਾਂ ਨੇ ਐੱਸਐੱਸਪੀ ਸੰਗਰੂਰ ਨੂੰ ਫੋਨ ਕਰ ਕੇ ਘਟਨਾ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਉਸ ਨਾਲ ਕੁੱਝ ਮਹੀਨੇ ਪਹਿਲਾਂ ਹੀ ਸੁਰੱਖਿਆ ਗਾਰਡ ਦੀ ਡਿਊਟੀ ’ਤੇ ਆਇਆ ਸੀ। ਥਾਣਾ ਮੁਖੀ ਪਸਿਆਣਾ ਨੇ ਕਿਹਾ ਕਿ ਪੁਲੀਸ ਵੱਲੋਂ ਮੌਤ ਦੇ ਕਾਰਨਾਂ ਸਬੰਧੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: