BJP President Ashwani : ਜਲੰਧਰ : ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਸੰਗਠਨਾਂ ਨੇ ਸੋਮਵਾਰ ਨੂੰ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਮਕਸੂਦਾਂ ‘ਚ ਘੇਰਾਓ ਕੀਤਾ ਗਿਆ। ਸ਼ਰਮਾ ਪਾਰਟੀ ਦਾ ਸੰਗਠਨ ਮਜ਼ਬੂਤ ਕਰਨ ਲਈ ਮਕਸੂਦਾਂ ਦੇ ਨਿੱਜੀ ਰਿਜ਼ਾਰਟ ‘ਚ ਪੰਜਾਬ ਅਧਿਕਾਰੀਆਂ ਤੇ ਜਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ। ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਵੀ ਇਸ ਮੀਟਿੰਗ ‘ਚ ਸ਼ਾਮਲ ਹੋਏ। ਭਾਜਪਾ ਦੇ ਵੱਡੇ ਨੇਤਾਵਾਂ ਦੇ ਜਲੰਧਰ ਆਉਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਿਸਾਨ ਸੰਗਠਨਾਂ ਨੇ ਰਿਜ਼ਾਰਟ ਨੂੰ ਘੇਰਨ ਦੀ ਤਿਆਰੀ ਕਰ ਲਈ ਤੇ ਬਾਹਰ ਧਰਨਾ ਲਾ ਦਿੱਤਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਰਿਜ਼ਾਰਟ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।
ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਥਾਂ-ਥਾਂ ਧਰਨੇ ਦਿੱਤੇ ਜਾ ਰਹੇ ਹਨ। ਮੀਟਿੰਗ ‘ਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਮੇਅਰ ਸੁਨੀਲ ਜੋਤੀ ਭਾਜਪਾ ਬੁਲਾਰਾ ਮਹਿੰਦਰ ਭਗਤ ਜਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਸਮੇਤ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਪੰਜਾਬ ਅਧਿਕਾਰੀਆਂ ਜਿਲ੍ਹਾ ਪ੍ਰਧਾਨ ਤੇ ਸਾਰੇ ਮੋਰਚਿਆਂ ਦੇ ਅਧਿਕਾਰੀ ਵੀ ਸ਼ਾਮਲ ਹਨ।
ਮਕਸੂਦਾਂ ਚੌਕ ‘ਚ ਭਾਰਤੀ ਕਿਸਾਨ ਯੂਨੀਅਨ ਬਲਵੀਰ ਸਿੰਘ ਰਾਜੇਵਾਲ ਵੱਲੋਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨ ਚੱਲ ਰਿਹਾ ਹੈ। ਇਹ ਪ੍ਰਦਰਸ਼ਨ ਰਿਜ਼ਾਰਟ ਦੇ ਬਾਹਰ ਕੀਤਾ ਜਾ ਰਿਹਾ ਹੈ ਜਿਥੇ ਪੰਜਾਬ ਭਾਜਪਾ ਦੀ ਬੈਠਕ ਚੱਲ ਰਹੀ ਹੈ। ਮੌਕੇ ‘ਤੇ ਪੁਲਿਸ ਅਧਿਕਾਰੀ ਪੂਰੀ ਪੁਲਿਸ ਫੋਰਸ ਨਾਲ ਤਾਇਨਾਤ ਹਨ।