Amit Shah virtual rally: ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ । ਰੈਲੀ ਸ਼ਾਮ 4 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ । ਇਸ ਨੂੰ ਬਿਹਾਰ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ । ਹਾਲਾਂਕਿ, ਇਹ ਆਨਲਾਈਨ ਰੈਲੀ ਭਾਜਪਾ ਦੇ ਇੱਕ ਮਹੀਨੇ ਚੱਲਣ ਵਾਲੇ ਅਭਿਆਨ ਦਾ ਹਿੱਸਾ ਹੈ, ਜਿਸ ਵਿੱਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਜਾ ਰਿਹਾ ਹੈ । ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਇਹ ਆਯੋਜਨ ਕੀਤਾ ਜਾ ਰਿਹਾ ਹੈ । ਸੰਭਾਵਨਾ ਹੈ ਕਿ ਸ਼ਾਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਧਿਆਨ ਕੇਂਦ੍ਰਤ ਰੱਖਣਗੇ ।
ਬਿਹਾਰ ਦੇ ਭਾਜਪਾ ਨੇਤਾਵਾਂ ਨੇ ਕਿਹਾ ਹੈ ਕਿ ਪਾਰਟੀ ਨੇ ਸ਼ਾਹ ਦਾ ਭਾਸ਼ਣ ਸੁਣਨ ਲਈ ਆਪਣੇ ਵਰਕਰਾਂ ਅਤੇ ਲੋਕਾਂ ਲਈ 72,000 ਤੋਂ ਵੱਧ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਕੀਤਾ ਹੈ । ਅੱਜ ਸ਼ਾਮ ਬਿਹਾਰ ਦੇ ਭਾਜਪਾ ਦਫਤਰ ਵਿਖੇ ਸਟੇਜ ਸਜਾਈ ਜਾਵੇਗੀ, ਜਿੱਥੇ ਸੂਬਾ ਪ੍ਰਧਾਨ ਸੰਜੇ ਜੈਸਵਾਲ, ਸੁਸ਼ੀਲ ਮੋਦੀ ਸਮੇਤ ਕਈ ਨੇਤਾ ਮੌਜੂਦ ਰਹਿਣਗੇ । ਭਾਜਪਾ ਨੇ ਸ਼ਾਹ ਦੀ ਰੈਲੀ ਨਾਲ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ । ਮਹੱਤਵਪੂਰਣ ਗੱਲ ਇਹ ਹੈ ਕਿ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਇਸ ਸਾਲ ਨਵੰਬਰ ਤੱਕ ਹੋਣੀਆਂ ਹਨ । ਬਿਹਾਰ ਵਿੱਚ ਭਾਜਪਾ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜੇਡੀਯੂ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਐਲਜੇਪੀ ਨਾਲ ਗੱਠਜੋੜ ਹੈ ।
ਬਿਹਾਰ ਵਿਧਾਨਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਅੱਜ ਪ੍ਰਸਤਾਵਿਤ ਵੀਡੀਓ ਕਾਨਫਰੰਸ ਅਤੇ ਫੇਸਬੁੱਕ ਲਾਈਵ ਰਾਹੀਂ ਹੋਣ ਵਾਲੀ ਵਰਚੁਅਲ ਰੈਲੀ ਦੇ ਵਿਰੋਧ ਵਿੱਚ ਆਰਜੇਡੀ ‘ਗਰੀਬ ਅਧਿਕਾਰ ਦਿਵਸ’ ਅਤੇ ਵਾਮਦਲ, ‘ਵਿਸ਼ਵਾਸਘਾਤ-ਦੰਡ ਦਿਵਸ’ ਵਜੋਂ ਮਨਾਏਗਾ । ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਨੇ ਦਾਅਵਾ ਕੀਤਾ ਸੀ ਕਿ ਆਰਜੇਡੀ ਦੇ ਦਬਾਅ ਹੇਠ ਭਾਜਪਾ ਨੇ 9 ਜੂਨ ਦੀ ਆਪਣੀ ਪ੍ਰਸਤਾਵਿਤ ਵਰਚੁਅਲ ਰੈਲੀ 7 ਜੂਨ ਨੂੰ ਕਰਨ ਦਾ ਫੈਸਲਾ ਕੀਤਾ ਹੈ । ਉਨ੍ਹਾਂ ਕਿਹਾ, “ਲੋਕ ਕੋਰੋਨਾ ਅਤੇ ਭੁੱਖ ਨਾਲ ਮਰ ਰਹੇ ਹਨ, ਪਰ ਭਾਜਪਾ ਰੈਲੀ ਕਰ ਰਹੀ ਹੈ ।” ਉਨ੍ਹਾਂ ਦੀ ਇਸ ਸੰਵੇਦਨਹੀਣਤਾ ਦੇ ਬਦਲੇ ਵਿੱਚ ਆਰਜੇਡੀ ਵੀ ਅੱਜ ‘ਗਰੀਬ ਅਧਿਕਾਰ ਦਿਵਸ’ ਵੀ ਮਨਾਏਗੀ ।