Oli calls PM Modi: ਸਰਹੱਦੀ ਵਿਵਾਦ ਨੂੰ ਲੈ ਕੇ ਤਣਾਅ ਦੇ ਵਿਚਕਾਰ, ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਆਜ਼ਾਦੀ ਦਿਵਸ ਦੇ ਮੌਕੇ ‘ਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਤਕਰੀਬਨ 10 ਮਿੰਟ ਤੱਕ ਗੱਲਬਾਤ ਹੋਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਅਤੇ ਨੇਪਾਲ ਵਿਚਾਲੇ ਤਣਾਅ ਉਭਰਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਪ੍ਰਧਾਨਮੰਤਰੀਆਂ ਵਿਚਕਾਰ ਗੱਲਬਾਤ ਹੋਈ ਹੈ। ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਭਾਰਤ ‘ਚ ਬੰਗਲਾਦੇਸ਼ ਦੇ ਰਾਜਦੂਤ ਨੇ ਬੰਗਲਾਦੇਸ਼ ਮੁਕਤੀ ਸੰਘਰਸ਼ ਵਿੱਚ ਮੱਦਦ ਕਰਨ ਲਈ ਭਾਰਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਮਿਲ ਕੇ ਖੂਨ ਵਹਾਇਆ ਹੈ। ਆਜ਼ਾਦੀ ਸੰਗਰਾਮ ਨੂੰ ਯਾਦ ਕਰਦਿਆਂ ਬੰਗਲਾਦੇਸ਼ ਦੇ ਰਾਜਦੂਤ ਨੇ ਕਿਹਾ, “ਇਤਿਹਾਸ ਦੇ ਇਸ ਹਿੱਸੇ ਨੂੰ ਭੁਲਾਇਆ ਨਹੀਂ ਜਾ ਸਕਦਾ।” ਇਸ ਦੇ ਨਾਲ ਹੀ ਚੀਨ ਨੇ ਵੀ ਭਾਰਤ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਹੈ।
ਭਾਰਤ ਵਿੱਚ ਚੀਨੀ ਰਾਜਦੂਤ ਸਨ ਵੇਈਡੋਂਗ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤੀ ਲੋਕਾਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ। ਅਸੀਂ ਉਮੀਦ ਕਰਦੇ ਹਾਂ ਕਿ ਦੋਵੇਂ ਮਹਾਨ ਦੇਸ਼ ਸ਼ਾਂਤੀ ਅਤੇ ਨਜ਼ਦੀਕੀ ਸਾਂਝੇਦਾਰੀ ਨਾਲ ਅੱਗੇ ਵਧਣਗੇ। ਸਨ ਵੇਈਡੋਂਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਪ੍ਰਾਚੀਨ ਸਭਿਅਤਾ ਦੇ ਦੋ ਮਹਾਨ ਦੇਸ਼ ਸ਼ਾਂਤੀ ਅਤੇ ਨੇੜਲੇ ਭਾਈਵਾਲੀ ਨਾਲ ਅੱਗੇ ਵਧਣਗੇ ਅਤੇ ਤਰੱਕੀ ਕਰਨਗੇ। ਚੱਲ ਰਹੇ ਸਰਹੱਦੀ ਵਿਵਾਦ ਦੇ ਵਿਚਕਾਰ, ਭਾਰਤ ਅਤੇ ਨੇਪਾਲ ਵਿੱਚ ਵਿਦੇਸ਼ ਮੰਤਰਾਲੇ ਦੇ ਪੱਧਰ ਦੀ ਗੱਲਬਾਤ 17 ਅਗਸਤ ਨੂੰ ਹੋਣ ਜਾ ਰਹੀ ਹੈ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸੋਮਵਾਰ ਨੂੰ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਇੱਕ ਬੈਠਕ ਵਿੱਚ ਮੁਲਾਕਾਤ ਕਰਨਗੇ। ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ ਨੇਪਾਲ ਦੀ ਤਰਫੋਂ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ, ਜਦੋਂਕਿ ਨੇਪਾਲ ਵਿੱਚ ਭਾਰਤੀ ਰਾਜਦੂਤ ਵਿਨੈ ਕਵਾਤਰਾ ਭਾਰਤ ਦੀ ਤਰਫੋਂ ਹੋਣਗੇ। ਇਸ ਵਿੱਚ ਸਰਹੱਦ ਦੇ ਮੁੱਦੇ ‘ਤੇ ਵੀ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਸਰਹੱਦ ‘ਤੇ ਪਿੱਛਲੇ ਕੁੱਝ ਮਹੀਨਿਆਂ ਤੋਂ ਭਾਰਤ-ਨੇਪਾਲ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਨ੍ਹਾਂ ਵਿਵਾਦਾਂ ਦੇ ਵਿਚਕਾਰ, ਬਿਹਾਰ ਵਿੱਚ ਸਰਹੱਦ ਉੱਤੇ ਨੇਪਾਲੀ ਸੁਰੱਖਿਆ ਮੁਲਾਜ਼ਮਾਂ ਵੱਲੋਂ ਗੋਲੀਬਾਰੀ ਦੀਆਂ ਘਟਨਾਵਾਂ ਵੀ ਵੇਖੀਆਂ ਗਈਆਂ। ਇੱਥੇ ਦੱਸਿਆ ਜਾ ਰਿਹਾ ਹੈ ਕਿ ਨੇਪਾਲ ਹੁਣ ਭਾਰਤ ਤੋਂ ਆਉਣ ਵਾਲੇ ਲੋਕਾਂ ਤੋਂ ਸ਼ਨਾਖਤੀ ਕਾਰਡ ਮੰਗੇਗਾ। ਨੇਪਾਲ ਨੇ ਇਸ ਦਾ ਕਾਰਨ ਕੋਰੋਨਾ ਵਾਇਰਸ ਦੱਸਿਆ ਹੈ।