Tirath Singh Rawat: ਗੜ੍ਹਵਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੀਰਥ ਸਿੰਘ ਰਾਵਤ ਹੁਣ ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ । ਇਸ ਦਾ ਐਲਾਨ ਬੁੱਧਵਾਰ ਨੂੰ ਦੇਹਰਾਦੂਨ ਵਿੱਚ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਬੋਰਡ ਦੀ ਮੀਟਿੰਗ ਵਿੱਚ ਕੀਤਾ ਗਿਆ । ਰਾਵਤ ਅੱਜ ਹੀ ਸ਼ਾਮ 4 ਵਜੇ ਇਸ ਅਹੁਦੇ ਲਈ ਸਹੁੰ ਚੁੱਕਣਗੇ। BJP ਵਿੱਚ ਕੁਝ ਦਿਨਾਂ ਤੋਂ ਚੱਲ ਰਹੇ ਅੰਦਰੂਨੀ ਝਗੜੇ ਤੋਂ ਬਾਅਦ ਤ੍ਰਿਵੇਂਦਰ ਸਿੰਘ ਰਾਵਤ ਨੇ ਪਿਛਲੇ ਦਿਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ । ਜਿਸ ਤੋਂ ਬਾਅਦ ਹੁਣ ਰਾਜ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ । ਤੀਰਥ ਸਿੰਘ ਰਾਵਤ ਉਤਰਾਖੰਡ ਦੇ ਗੜਵਾਲ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਉਹ ਉਤਰਾਖੰਡ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ, ਹੁਣ ਭਾਜਪਾ ਦੇ ਕੌਮੀ ਸਕੱਤਰ ਹਨ । ਇਨ੍ਹਾਂ ਤੋਂ ਇਲਾਵਾ ਉਹ ਭਾਜਪਾ ਵਿੱਚ ਰਾਜ ਪੱਧਰ ਦੇ ਕਈ ਅਹੁਦਿਆਂ ‘ਤੇ ਰਹੇ ਤੇ ਕਮੇਟੀਆਂ ਦਾ ਹਿੱਸਾ ਵੀ ਬਣੇ।
ਬੁੱਧਵਾਰ ਨੂੰ ਖੁਦ ਤ੍ਰਿਵੇਂਦਰ ਸਿੰਘ ਰਾਵਤ ਨੇ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਤੀਰਥ ਸਿੰਘ ਰਾਵਤ ਦੇ ਨਾਮ ਦਾ ਪ੍ਰਸਤਾਵ ਰੱਖਿਆ । ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਉਹ ਸੰਘ ਲਈ ਕੰਮ ਕਰਦੇ ਸਨ ਅਤੇ ਉਨ੍ਹਾਂ ਨੇ ਕਦੇ ਵੀ ਭਾਜਪਾ ਵਿੱਚ ਆਉਣ ਦਾ ਵਿਚਾਰ ਨਹੀਂ ਕੀਤਾ ਸੀ । ਪਰ ਅਟਲ ਬਿਹਾਰੀ ਵਾਜਪਾਈ ਤੋਂ ਪ੍ਰੇਰਨਾ ਲੈਂਦਿਆਂ ਉਹ ਆਪਣੇ ਮਿਸ਼ਨ ਵਿੱਚ ਅੱਗੇ ਵਧੇ। ਆਗੂ ਚੁਣੇ ਜਾਣ ਤੋਂ ਬਾਅਦ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਤ੍ਰਿਵੇਂਦਰ ਸਿੰਘ ਰਾਵਤ ਨਾਲ ਕੰਮ ਕਰ ਰਹੇ ਹਨ, ਪਹਿਲਾਂ ਸੰਘ ਵਿੱਚ ਪ੍ਰਚਾਰਕ ਵਜੋਂ ਕੰਮ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਅਤੇ ਸਰਕਾਰ ਦੇ ਪੱਧਰ ‘ਤੇ ਮਿਲ ਕੇ ਕੰਮ ਕੀਤਾ।
ਗੌਰਤਲਬ ਹੈ ਕਿ ਪਾਰਟੀ ਵਿਧਾਇਕਾਂ ਅਤੇ ਮੰਤਰੀਆਂ ਦੀ ਨਾਰਾਜ਼ਗੀ ਤੋਂ ਬਾਅਦ ਤ੍ਰਿਵੇਂਦਰ ਸਿੰਘ ਰਾਵਤ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਪਿਛਲੇ ਦਿਨ ਰਾਜਪਾਲ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਬੁੱਧਵਾਰ ਸਵੇਰੇ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਸੀ । ਕੇਂਦਰੀ ਲੀਡਰਸ਼ਿਪ ਨੇ ਰਮਨ ਸਿੰਘ, ਦੁਸ਼ਯੰਤ ਗੌਤਮ ਨੂੰ ਨਿਗਰਾਨ ਵਜੋਂ ਦੇਹਰਾਦੂਨ ਭੇਜਿਆ ਸੀ । ਜਿੱਥੇ ਉਨ੍ਹਾਂ ਦੀ ਹਾਜ਼ਰੀ ਵਿੱਚ ਵਿਧਾਇਕ ਦਲ ਦੇ ਨਵੇਂ ਨੇਤਾ ਚੁਣਿਆ ਗਿਆ।
ਇਹ ਵੀ ਦੇਖੋ: ਆਪਣੇ ਘਰ ਹੋਈ ਰੇਡ ਤੋਂ ਬਾਅਦ ਤੱਤੇ ਹੋਏ ਸੁਖਪਾਲ ਖਹਿਰਾ, ਕਹਿੰਦੇ, “ਗਿੱਦੜ ਭਬਕੀ ਤੋਂ ਡਰਨ ਵਾਲਾ ਨਹੀਂ”