ਅਬੋਹਰ : ਗੁਮਜਾਲ ਵਾਸੀ ਇਕ ਨੌਜਵਾਨ ਨੇ ਪਿਛਲੇ ਦਿਨੀਂ ਅਣਪਛਾਤੇ ਕਾਰਨਾਂ ਕਰਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 11 ਮਈ ਤੋਂ ਲਾਪਤਾ ਹੋਏ ਨੌਜਵਾਨ ਦੀ ਦੇਹ ਅੱਜ ਰਾਜਸਥਾਨ ਦੇ ਚੂਨਾਵੜ ਵਿਚ ਨਹਿਰ ਤੋਂ ਮਿਲੀ ਜਿਸ ਨੂੰ ਬਾਅਦ ਦੁਪਹਿਰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਗੁਮਜਾਲ ਵਾਸੀ 18 ਸਾਲ ਦੇ ਸ਼ਰਵਣ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵੈਲਡਿੰਗ ਦਾ ਕੰਮ ਕਰਦਾ ਸੀ ਤੇ ਉਸ ਨੇ ਘਰ ‘ਤੇ ਹੀ ਛੋਟੀ ਜਿਹੀ ਵਰਕਸ਼ਾਪ ਬਣਾ ਕੇ ਰੱਖੀ ਸੀ। ਉਂਝ ਤਾਂ ਉਸ ਦੇ ਪੁੱਤਰ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ ਪਰ ਹਰ ਘਰ ਵਿਚ ਮਾਮੂਲੀ ਕਿਹਾ ਸੁਣੀ ਹੁੰਦੀ ਹੈ ਪਰ ਪਤਾ ਨਹੀਂ ਉਸ ਦਾ ਮੁੰਡਾ ਕਿਹੜੀ ਗੱਲ ਤੋਂ ਨਾਰਾਜ਼ ਹੋ ਕੇ 11 ਮਈ ਨੂੰ ਘਰ ਤੋਂ ਕਿਤੇ ਚਲਾ ਗਿਆ ਪਰ ਵਾਪਸ ਨਹੀਂ ਪਰਤਿਆ ਜਿਸ ਦੇ ਬਾਅਦ ਉਨ੍ਹਾਂ ਨੇ ਇਸ ਦੀ ਗੁੰਮਸ਼ੁਦਗੀ ਥਾਣਾ ਖੁਈਆਂ ਸਰਵਰ ਵਿਚ ਦਰਜ ਕਰਵਾਈ ਤੇ ਆਪਣੇ ਪੱਧਰ ‘ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਕਰਮਜੀਤ ਅਨਮੋਲ ਨੇ ਫਰੀਦਕੋਟ ਤੋਂ ਭਰੀ ਨਾਮਜ਼ਦਗੀ, ਫਿਲਮੀ ਕਲਾਕਾਰਾਂ ਨਾਲ ਕੱਢੀ ਰੈਲੀ
ਦੂਜੇ ਪਾਸੇ ਅੱਜ ਸ਼ਰਵਣ ਦੀ ਦੇਹ ਸ਼੍ਰੀਗੰਗਾਨਗਰ ਜ਼ਿਲ੍ਹੇ ਦੀ ਤਹਿਸੀਲ ਚੂਨਾਵੜ੍ਹ ਵਿਚ ਨਹਿਰ ਤੋਂ ਬਰਾਮਦ ਹੋਈ। ਥਾਣਾ ਖੁਈਆਂ ਸਰਵਰ ਪੁਲਿਸ ਨੇ ਉਸ ਦੀ ਦੇਹ ਨੂੰ ਨਹਿਰ ਤੋਂ ਕਢਵਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ 174 ਦੀ ਕਾਰਵਾਈ ਕੀਤੀ ਹੈ।