ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਗੇਟ ‘ਤੇ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ‘ਤੇ ਬੁੱਧਵਾਰ ਨੂੰ ਗੋਲੀਬਾਰੀ ਕੀਤੀ ਗਈ। ਗੋਲੀ ਕੰਧ ‘ਚ ਜਾ ਲੱਗੀ, ਜਿਸ ‘ਚ ਉਹ ਵਾਲ-ਵਾਲ ਬਚ ਗਿਆ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉਹ ਵਿਅਕਤੀ ਹੱਥ ਵਿੱਚ ਪਿਸਤੌਲ ਲੈ ਕੇ ਸੁਖਬੀਰ ਬਾਦਲ ਵੱਲ ਭੱਜਿਆ ਅਤੇ ਗੋਲੀ ਚਲਾ ਦਿੱਤੀ। ਫਿਰ ਉਥੇ ਖੜ੍ਹੇ ਸੁਰੱਖਿਆ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਫੜ ਕੇ ਪਿਸਤੌਲ ਖੋਹ ਲਿਆ।
ਸੁਰੱਖਿਆ ਮੁਲਾਜ਼ਮਾਂ ਨੇ ਸੁਖਬੀਰ ਬਾਦਲ ਨੂੰ ਘੇਰ ਲਿਆ। ਘਟਨਾ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਵਿਅਕਤੀ ਦੀ ਪਛਾਣ ਨਾਰਾਇਣ ਸਿੰਘ ਚੌੜਾ ਵਾਸੀ ਡੇਰਾਬਾਬਾ ਨਾਨਕ, ਗੁਰਦਾਸਪੁਰ ਵਜੋਂ ਹੋਈ ਹੈ। ਨਰਾਇਣ ਸਿੰਘ ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਭਰਾ ਹੈ।
ਅਕਾਲੀ ਆਗੂ ਡਾ.ਦਲਜੀਤ ਚੀਮਾ ਨੇ ਕਿਹਾ ਕਿ- “ਮੈਂ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸੇਵਕ ਦੇ ਸਿਰ ‘ਤੇ ਹੱਥ ਰੱਖ ਕੇ ਬਚਾਅ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਪਾਰਟੀ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦਾ ਹਾਂ। ਇਸ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ”। ਸੁਖਬੀਰ ਬਾਦਲ ‘ਤੇ ਹਮਲੇ ਮਗਰੋਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ- “ਇਹ ਵਾਹਿਗੁਰੂ ਦਾ ਅਸਥਾਨ ਹੈ, ਉਹ ਹੀ ਸਾਡਾ ਰਾਖਾ ਹੈ, ਸਾਡੀ ਸੇਵਾ ਨਿਰਵਿਘਨ ਜਾਰੀ ਰਹੇਗੀ ਸਾਨੂੰ ਪਰਮਾਤਮਾ ‘ਤੇ ਪੂਰਾ ਭਰੋਸਾ ਹੈ”।
ਇਹ ਵੀ ਪੜ੍ਹੋ : PM ਮੋਦੀ ਤੇ ਅਮਿਤ ਸ਼ਾਹ ਪਹੁੰਚੇ ਚੰਡੀਗੜ੍ਹ, ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀ ਕੀਤੀ ਸਮੀਖਿਆ
ਅੰਮ੍ਰਿਤਸਰ ਦੇਹਾਤ ਪੁਲਿਸ ਦੇ ਏਡੀਸੀਪੀ ਹਰਪਾਲ ਸਿੰਘ ਨੇ ਕਿਹਾ- ਅਸੀਂ ਆਸਪਾਸ ਸੁਰੱਖਿਆ ਤਾਇਨਾਤ ਕੀਤੀ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਇਆ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਨੇ ਅਜਿਹਾ ਕਿਉਂ ਕੀਤਾ।
ਵੀਡੀਓ ਲਈ ਕਲਿੱਕ ਕਰੋ -: