Captain Maharaja Bhupinder : ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 25 ਅਕਤੂਬਰ ਨੂੰ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਪਿੰਡ ਸਿੱਧੂਵਾਲ ਵਿਖੇ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ 96 ਏਕੜ ‘ਚ ਉਸਾਰੇ ਜਾਣ ਵਾਲੀ ਇਸ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਸ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬ ‘ਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣਾ ਹੈ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਇੰਜ. ਦਵਿੰਦਰਪਾਲ ਸਿੰਘ ਖਰਬੰਦਾ ਦੀ ਅਗਵਾਈ ਹੇਠ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਲੈਫ. ਜਨਰਲ (ਰਿਟਾ.) ਜੇ.ਐਸ. ਚੀਮਾ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਖਰਬੰਦਾ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਇਮਾਰਤ ਦੇ ਪਹਿਲੇ ਪੜਾਅ ‘ਚ 60 ਕਰੋੜ ਰੁਪਏ ਦੀ ਲਾਗਤ ਨਾਲ 3 ਪ੍ਰਬੰਧਕੀ ਬਲਾਕ ਬਣਾਏ ਜਾਣਗੇ ਤੇ ਇਸ ਦੇ ਨਾਲ ਹੀ 400 ਲੜਕੇ ਤੇ ਲੜਕੀਆਂ ਲਈ ਹੋਸਟਲ ਬਣਾਏ ਜਾਣਗੇ। ਖੇਡ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਸਮੁੱਚੇ ਮੁੱਢਲੇ ਪ੍ਰਬੰਧਾਂ ‘ਤੇ ਵਿਚਾਰ ਕਰਨ ਅਤੇ ਪਿੰਡ ਸਿੱਧੂਵਾਲ ਵਿਖੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਵੱਖ ਵੱਖ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆ ਡਿਊਟੀਆਂ ਸੌਂਪੀਆਂ ਗਈਆਂ ਹਨ ਤਾਂ ਜ਼ੋ ਇਹ ਪ੍ਰੋਗਰਾਮ ਸੁਚੱਜੇ ਢੰਗ ਨਾਲ ਕਰਵਾਇਆ ਜਾ ਸਕੇ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਸ਼੍ਰੀਮਤੀ ਸੁਰਭੀ ਮਲਿਕ, ਐਸ.ਪੀ ਸਥਾਨਕ ਨਵਨੀਤ ਸਿੰਘ ਬੈਂਸ, ਸਹਾਇਕ ਕਮਿਸਨਰ ਜਨਰਲ ਡਾ. ਇਸਮਤ ਵਿਜੈ ਸਿੰਘ, ਡਿਪਟੀ ਡਾਇਰੈਕਟਰ ਖੇਡਾਂ ਕਰਤਾਰ ਸਿੰਘ ਸੈਂਭੀ, ਸਹਾਇਕ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ, ਕਾਰਜਕਾਰੀ ਇੰਜੀਨੀਅਰ ਖੇਡ ਵਿਭਾਗ ਸੰਜੇ ਮਹਾਜਨ, ਕਾਰਜਕਾਰੀ ਇੰਜੀਨੀਅਰ ਇਲੈਕਟ੍ਰੀਕਲ ਦਵਿੰਦਰਵੀਰ ਕੌਂਡਲ, ਕਾਰਜਕਾਰੀ ਇੰਜੀਨੀਅਰ PWD ਸੋਹਨ ਲਾਲ ਗਰਗ ਤੇ ਖੇਡ ਵਿਭਾਗ ਦੇ ਪਟਿਆਲਾ, ਸੰਗਰੂਰ, ਬਠਿੰਡਾ, ਫਿਰੋਜ਼ਪੁਰ, ਮਾਨਸਾ ਅਤੇ ਰੋਪੜ ਦੇ ਜਿਲ੍ਹਾ ਖੇਡ ਅਧਿਕਾਰੀਆਂ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ। ਇੰਜ. DPS ਖਰਬੰਦਾ ਨੇ ਇਹ ਵੀ ਦੱਸਿਆ ਕਿ ਇੱਥੇ ਬੈਚੂਲਰ ਆਫ਼ ਫ਼ਿਜੀਕਲ ਐਜੂਕੇਸ਼ਨ ਅਤੇ ਐਮ.ਪੀ.ਐਡ. ਦੇ ਕੋਰਸ ਚੱਲ ਰਹੇ ਹਨ ਅਤੇ ਨਵੇਂ ਦਾਖਲਿਆਂ ਨੂੰ ਨੌਜਵਾਨ ਵਿਦਿਆਰਥੀਆਂ ਦਾ ਹੁੰਗਾਰਾ ਵੀ ਮਿਲਿਆ ਹੈ।