ਖੰਨਾ ਵਿੱਚ ਨੈਸ਼ਨਲ ਹਾਈਵੇ ‘ਤੇ ਸਵੇਰੇ ਕਰੀਬ 6 ਵਜੇ ਭਿਆਨਕ ਹਾਦਸਾ ਵਾਪਰਿਆ। ਇੱਥੇ ਦਹੇੜੂ ਪੁੱਲ ‘ਤੇ ਟਰੱਕ ਦੇ ਪਿੱਛੇ ਇਨੋਵਾ ਕਾਰ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਕਾਰ ਪਲਟ ਗਈ। ਘਟਨਾ ਤੋਂ ਬਾਅਦ ਟਰੱਕ ਡ੍ਰਾਈਵਰ ਫਰਾਰ ਹੋ ਗਿਆ। ਹਾਦਸੇ ਵਿੱਚ ਡ੍ਰਾਈਵਰ ਸਣੇ ਕਾਰ ਵਿੱਚ ਸਵਾਰ ਪਿਓ ਅਤੇ ਧੀ ਜ਼ਖਮੀ ਹੋਏ ਹਨ, ਬਾਕੀ 4 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਸੜਕ ਸੁਰੱਖਿਆ ਫੋਰਸ ਵੱਲੋਂ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ 2 ਪਰਿਵਾਰ ਜਲੰਧਰ ਦੇ ਸ਼ਾਹਕੋਟ ਦੇ ਰਹਿਣ ਵਾਲੇ ਬਲਵੀਰ ਸਿੰਘ ਦੀ ਧੀ ਨੂੰ ਛੱਡਣ ਲਈ ਦਿੱਲੀ ਏਅਰਪੋਰਟ ‘ਤੇ ਗਏ ਹੋਏ ਸਨ। ਉੱਥੋਂ ਵਾਪਸ ਆਉਣ ਦੌਰਾਨ ਖੰਨਾ ਵਿੱਚ ਟਰੱਕ ਦੇ ਪਿੱਛੇ ਇਨੋਵਾ ਗੱਡੀ ਟਕਰਾ ਗਈ। ਇਨੋਵਾ ਕਾਰ ਦੀ ਰਫਤਾਰ ਬਹੁਤ ਤੇਜ਼ ਸੀ, ਜਿਸ ਕਰਕੇ ਗੱਡੀ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਡ੍ਰਾਈਵਰ ਨੂੰ ਨੀਂਦ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਅਬੋਹਰ ‘ਚ ਮਕਾਨ ਮਾਲਕ ਨਾਲ ਧੋਖਾਧੜੀ, ਕਿਰਾਏਦਾਰ ਡੇਢ ਲੱਖ ਤੋਂ ਵੱਧ ਦੀ ਠੱਗੀ ਮਾਰ ਕੇ ਹੋਇਆ ਫਰਾਰ
ਹਾਦਸੇ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੇ ASI ਸੁੱਖਦੇਵ ਸਿੰਘ ਆਪਣੀ ਟੀਮ ਸਣੇ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਜ਼ਖਮੀਆਂ ਨੂੰ ਕੁਲਾਰ ਹਸਪਤਾਲ ਬੀਜਾ ਵਿਖੇ ਦਾਖਲ ਕਰਵਾਇਆ। ਜ਼ਖਮੀਆਂ ਦੀ ਪਛਾਣ ਇਨੋਵਾ ਗੱਡੀ ਦੇ ਡ੍ਰਾਈਵਰ ਜਤਿੰਦਰ ਸਿੰਘ ਵਾਸੀ ਪਿੰਡ ਦੌਲਤਪੁਰ ਢੱਡਾ, ਬਲਵੀਰ ਸਿੰਘ ਵਾਸੀ ਸਿੱਧਵਾਂ ਦੋਨਾ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਤੇ ਉਨ੍ਹਾਂ ਦੀ ਧੀ ਏਕਮਜੋਤ ਕੌਰ ਵਜੋਂ ਹੋਈ ਹੈ।
ਘਟਨਾ ਤੋਂ ਬਾਅਦ ਟਰੱਕ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸਦਰ ਥਾਣਾ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। SHO ਹਰਦੀਪ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: