ਪਠਾਨਕੋਟ ਵਿਚ ਬੀਤੀ ਰਾਤ ਜਨਮ ਦਿਨ ਪਾਰਟੀ ਤੋਂ ਪਰਤ ਰਹੇ 6 ਦੋਸਤਾਂ ਦੀ ਗੱਡੀ ਇਕ ਪੁਲ ‘ਤੇ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਹਾਦਸੇ ਵਿਚ 2 ਦੋਸਤਾਂ ਦੀ ਮੌਤ ਹੋ ਗਈ ਜਦੋਂ ਕਿ 4 ਜ਼ਖਮੀ ਹੋ ਗਏ। ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਨਹਿਰ ਵਿਚ ਡਿੱਗੀ ਗੱਡੀ ਨੂੰ ਬਾਹਰ ਕਢਵਾਇਆ। ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਵਿਚੋਂ ਇਕ ਦਾ ਲਗਭਗ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਜਾਣਕਾਰੀ ਮੁਤਾਬਕ ਪਠਾਨਕੋਟ ਸ਼ਹਿਰ ਵਿਚ ਰਜਤ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਅਕਾਲਗੜ੍ਹ ਨੇ ਆਪਣੇ ਛੋਟੇ ਭਰਾ ਦੇ ਜਨਮ ਦਿਨ ‘ਤੇ ਪਾਰਟੀ ਰੱਖੀ ਸੀ।ਪਾਰਟੀ ਦੇਰ ਰਾਤ ਤੱਕ ਚੱਲੀ। ਇਸ ਦੇ ਬਾਅਦ ਰਜਤ ਆਪਣੇ 5 ਦੋਸਤਾਂ ਨਾਲ ਕਾਰ ਵਿਚ ਸਵਾਰ ਹੋ ਕੇ ਨਿਕਲਿਆ।
2 ਨੌਜਵਾਨ ਅੱਗੇ ਬੈਠੇ ਸਨ ਜਦੋਂ ਕਿ 4 ਪਿੱਛੇ ਸਨ। ਜਦੋਂ ਉਨ੍ਹਾਂ ਦੀ ਕਾਰ ਕਾਠਕਾ ਪੁਲ ‘ਤੇ ਪਹੁੰਚੀ ਤਾਂ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ। ਕਾਰ ਨਹਿਰ ਵਿਚ ਡਿੱਗਦੇ ਹੀ ਪਿੱਛੇ ਬੈਠੇ ਚਾਰੋਂ ਨੌਜਵਾਨ ਨਿਕਲ ਗਏ ਤੇ ਉਪਰ ਸੜਕ ‘ਤੇ ਪਹੁੰਚ ਗਏ। ਦੂਜੇ ਪਾਸੇ ਕਾਰ ਵਿਚ ਅੱਗੇ ਬੈਠੇ ਦੋਵੇਂ ਉਥੇ ਫਸੇ ਰਹਿ ਗਏ। ਕਾਰ ਨਹਿਰ ਵਿਚ ਉਲਟੀ ਪਈ ਸੀ, ਜਿਸ ਨਾਲ ਉਹ ਨਿਕਲ ਨਹੀਂ ਸਕੇ। ਕਾਰ ਤੋਂ ਨਿਕਲ ਚੁੱਕੇ ਨੌਜਵਾਨਾਂ ਵਿਚੋਂ ਇਕ ਨੇ ਘਰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ।
ਬਚੇ ਹੋਏ ਦੋਸਤਾਂ ਨੇ ਰੌਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ। ਕੁਝ ਹੀ ਦੇਰ ਵਿਚ ਕਾਫੀ ਲੋਕ ਆ ਗਏ। ਉਨ੍ਹਾਂ ਨੇ ਗੱਡੀ ਤੋਂ ਬਾਕੀ ਦੋਵੇਂ ਨੌਜਵਾਨਾਂ ਨੂੰ ਵੀ ਕੱਢਿਆ ਤੇ ਸਿਵਲ ਹਸਪਤਾਲ ਪਹੁੰਚਾਇਆ,ਉਥੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਰਜਤ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਅਕਾਲਗੜ੍ਹ, ਪਠਾਨਕੋਟ ਤੇ ਰਣਜੀਤ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਜਮਾਲਪੁਰ, ਪਠਾਨਕੋਟ ਵਜੋਂ ਹੋਈ ਹੈ। ਜ਼ਖਮੀਆਂ ਵਿਚ ਉਦੇ ਸਿੰਘ, ਰਜਤ ਦਾ ਭਰਾ ਅਭਿਸ਼ੇਕ ਕੁਮਾਰ, ਕੇਤਨ ਚੌਧਰੀ ਤੇ ਸੁਸ਼ਾਂਤ ਸ਼ਾਮਲ ਹਨ।
ਇਹ ਵੀ ਪੜ੍ਹੋ : ਸਾਵਧਾਨ! 9 ਤੋਂ ਵੱਧ SIM ‘ਤੇ 2 ਲੱਖ ਜੁਰਮਾਨਾ, ਗਲਤ ਤਰੀਕੇ ਨਾਲ ਸਿਮ ਲਿਆ ਤਾਂ 3 ਸਾਲ ਦੀ ਜੇਲ੍ਹ
ਪਰਿਵਾਰ ਵਾਲਿਆਂ ਮੁਤਾਬਕ ਰਣਜੀਤ ਗੱਡੀ ਚਲਾ ਰਿਹਾ ਸੀ। ਦੂਜੇ ਪਾਸੇ ਰਜਤ ਦਾ ਫਰਵਰੀ ਵਿਚ ਵਿਆਹ ਹੋਇਆ ਸੀ। ਉਹ 6 ਮਹੀਨੇ ਪਹਿਲਾਂ ਹੀ ਸਾਊਥ ਕੋਰੀਆ ਤੋਂ ਆਇਆ ਸੀ। ਉਸ ਦੀ ਪਤਨੀ ਕੈਨੇਡਾ ਵਿਚ ਰਹਿੰਦੀ ਹੈ। ਇਸ ਸਮੇਂ ਵੀ ਉਹ ਕੈਨੇਡਾ ਵਿਚ ਹੈ ਤੇ 15 ਦਿਨ ਬਾਅਦ ਰਜਤ ਨੇ ਵੀ ਕੈਨੇਡਾ ਜਾਣਾ ਸੀ।