ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਉਨ੍ਹਾਂ ਦਾ ਵਿਆਹ ਪਿਹੋਵਾ ਦੀ ਰਹਿਣ ਵਾਲੀ ਡਾ. ਗੁਰਪ੍ਰੀਤ ਕੌਰ ਨਾਲ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਪਿਹੋਵਾ ਵਿੱਚ ਵੀ ਭਾਰੀ ਉਤਸ਼ਾਹ ਹੈ। ਭਗਵੰਤ ਮਾਨ ਦੀ ਹੋਣ ਵਾਲੀ ਲਾੜੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਨਾਲ ਸਬੰਧ ਰੱਖਦੇ ਹਨ। ਉਹ ਪਰਿਵਾਰ ਵਿੱਚ 3 ਭੈਣਾਂ ‘ਚੋਂ ਸਭ ਤੋਂ ਛੋਟੇ ਹਨ। ਉਨ੍ਹਾਂ ਨੇ 2013 ਵਿੱਚ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ‘ਚ ਦਾਖਲਾ ਲਿਆ ਸੀ ਤੇ 2017 ਵਿੱਚ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਸੀ।
ਡਾ. ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕਿਸਾਨ ਹਨ । ਉਨ੍ਹਾਂ ਕੋਲ ਪਿੰਡ ਗੁੰਮਥਲਗੜ੍ਹ ਨੇੜੇ 50 ਏਕੜ ਤੋਂ ਵੱਧ ਜ਼ਮੀਨ ਹੈ। ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਵੀ ਹੈ। ਡਾ. ਗੁਰਪ੍ਰੀਤ ਕੌਰ ਦੀ ਮਾਤਾ ਰਾਜ ਹਰਜਿੰਦਰ ਕੌਰ ਹਾਊਸ ਵਾਈਫ ਹਨ। ਗੁਰਪ੍ਰੀਤ ਦੀ ਵੱਡੀ ਭੈਣ ਨੀਰੂ ਦਾ ਵਿਆਹ ਅਮਰੀਕਾ ਵਿੱਚ ਹੋਇਆ ਹੈ ਤੇ ਦੂਜੀ ਭੈਣ ਆਸਟ੍ਰੇਲੀਆ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
ਦੱਸ ਦੇਈਏ ਕਿ ਡਾ. ਗੁਰਪ੍ਰੀਤ ਕੌਰ ਦੀ ਦੀ ਮੁਲਾਕਾਤ CM ਮਾਨ ਨਾਲ 2019 ਵਿੱਚ ਹੋਈ ਸੀ । 2019 ਦੀ ਚੋਣਾਂ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦਾ ਸਾਥ ਦਿੱਤਾ ਸੀ । CM ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਡਾ. ਗੁਰਪ੍ਰੀਤ ਸ਼ਾਮਿਲ ਹੋਏ ਸਨ। ਇਥੇ ਇਹ ਵੀ ਦੱਸਣਯੋਗ ਹੈ ਕਿ ਡਾ. ਗੁਰਪ੍ਰੀਤ ਦੀ ਉਮਰ 32 ਸਾਲ ਤੇ CM ਮਾਨ ਦੀ ਉਮਰ 48 ਸਾਲ ਹੈ।
ਜ਼ਿਕਰਯੋਗ ਹੈ ਕਿ ਵਿਆਹ ਸਾਦੇ ਤਰੀਕੇ ਨਾਲ ਸੀਐੱਮ ਹਾਊਸ ਵਿਚ ਹੋਵੇਗਾ। ਇਸ ਵਿਆਹ ਸਮਾਗਮ ‘ਚ ਪਰਿਵਾਰ ਦੇ ਕਰੀਬੀ ਹੀ ਹਿੱਸਾ ਲੈਣਗੇ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਵੀ ਨਵੇਂ ਲਾੜੇ-ਲਾੜੀ ਨੂੰ ਅਸ਼ੀਰਵਾਦ ਦੇਣ ਲਈ ਮੌਜੂਦ ਰਹਿਣਗੇ। ਮੁੱਖ ਮੰਤਰੀ ਭਗਵੰਤ ਮਾਨ ਲਈ ਉਨ੍ਹਾਂ ਦੀ ਮਾਂ ਤੇ ਭੈਣ ਨੇ ਖੁਦ ਲਾੜੀ ਚੁਣੀ ਹੈ ।
ਵੀਡੀਓ ਲਈ ਕਲਿੱਕ ਕਰੋ -: