ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਦਿੱਤੀ ਇੱਕ ਹੋਰ ਗਾਰੰਟੀ ਨੂੰ ਪੂਰਾ ਕੀਤਾ ਜਾ ਰਿਹਾ ਹੈ । ਇਸ ਬਾਰੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ। CM ਭਗਵੰਤ ਮਾਨ ਨੇ ਦੱਸਿਆ ਹੈ ਕਿ ਟ੍ਰੇਨਿੰਗ ਦੇ ਲਈ ਪ੍ਰਿੰਸੀਪਲਾਂ ਦੇ ਪਹਿਲੇ ਬੈਚ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦੀ ਦੀ ਗਾਰੰਟੀ ਲੈ ਕੇ ਆਈ ਸੀ ਅਤੇ ਜਿਸਦੇ ਲਈ ਅਸੀਂ ਦਿਨ-ਰਾਤ ਇੱਕ ਕਰਕੇ ਮਿਸ਼ਨ ‘ਤੇ ਲੱਗੇ ਹੋਏ ਹਾਂ। ਇਸ ਮਿਸ਼ਨ ਤਹਿਤ ਸਭ ਤੋਂ ਪਹਿਲਾਂ ਸਕੂਲਾਂ ਵਿੱਚ ਮੈਗਾ ਅਧਿਆਪਕ-ਮਾਪੇ ਮਿਲਣੀਆਂ ਕਰਵਾਈਆਂ ਗਈਆਂ ਤਾਂ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚਕਾਰ ਆਪਸੀ ਤਾਲਮੇਲ ਬਣਿਆ ਰਹੇ ਤੇ ਦੂਰੀ ਘੱਟ ਹੋਵੇ । ਜਿਸਦੀ ਚਾਰੋਂ ਪਾਸੇ ਬਹੁਤ ਤਾਰੀਫ਼ ਹੋਈ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਇਸ ਤੋਂ ਬਾਅਦ ਸਕੂਲ ਆਫ ਐਮੀਨੈਂਸ ਲੈ ਕੇ ਆ ਰਹੇ ਹਾਂ ਤਾਂ ਜੋ ਬੱਚੇ ਦੀ ਜਿਹੜੇ ਖੇਤਰ ਵਿੱਚ ਦਿਲਚਸਪੀ ਹੈ, ਉਸ ਨੂੰ ਉਸੇ ਖੇਤਰ ਵਿੱਚ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਆਪਣੇ ਉਹ ਆਪਣੇ ਮਨਪਸੰਦ ਕਰੀਅਰ ਦੀ ਚੋਣ ਕਰ ਸਕਣ । ਅਧਿਆਪਕ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਚੋਣਾਂ ਵੇਲੇ ਪ੍ਰਚਾਰ ਕਰ ਰਹੇ ਸੀ ਤਾਂ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦੇਸ਼ਾਂ ਵਿੱਚ ਲਿਜਾ ਕੇ ਪੜ੍ਹਾਈ ਦੇ ਨਵੇਂ-ਨਵੇਂ ਤਰੀਕੇ ਸਿੱਖਾ ਕੇ ਟ੍ਰੇਨਿੰਗ ਹਾਸਿਲ ਕਰਵਾ ਕੇ ਲਿਆਵਾਂਗੇ ਤਾਂ ਜੋ ਉਹ ਇੱਥੇ ਬੱਚਿਆਂ ਨੂੰ ਚੰਗੇ ਤਰੀਕੇ ਨਾਲ ਪੜ੍ਹਾ ਸਕਣ।
ਇਸ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਜਾ ਰਿਹਾ ਹੈ। ਇਹ ਅਧਿਆਪਕ 4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਜਾ ਰਹੇ ਹਨ। 6 ਤੋਂ ਲੈ ਕੇ 10 ਫਰਵਰੀ ਤੱਕ ਇਨ੍ਹਾਂ ਅਧਿਆਪਕਾਂ ਦਾ ਪ੍ਰੋਫੈਸ਼ਨਲ ਟੀਚਿੰਗ ਟ੍ਰੇਨਿੰਗ ਸੈਮੀਨਾਰ ਹੋਵੇਗਾ, ਜਿੱਥੇ ਉਨ੍ਹਾਂ ਨੂੰ ਪੜ੍ਹਾਉਣ ਦੇ ਆਧੁਨਿਕ ਤਰੀਕੇ ਸਿਖਾਏ ਜਾਣਗੇ। 11 ਫਰਵਰੀ ਨੂੰ ਇਹ ਬੈਚ ਵਾਪਸ ਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਿੰਸੀਪਲਾਂ ਦੇ ਸਿੰਗਾਪੁਰ ਦੇ ਤਜੁਰਬੇ ਨਾਲ ਵਿਦਿਆਰਥੀਆਂ ਦਾ ਭਵਿੱਖ ਸੁਨਿਹਰਾ ਬਣਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਵੀ ਪਹਿਲਾ ਦਰਜਾ ਹਾਸਿਲ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: