ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਸਿਖਰਾਂ ‘ਤੇ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਦਾ ਦਾਅਵਾ ਕਰਦਿਆਂ CM ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਗੁਜਰਾਤ ਵਿੱਚ ‘ਆਪ’ ਭਾਜਪਾ ਦੇ 27 ਸਾਲਾਂ ਦੇ ਜ਼ੁਲਮ ਤੇ ਜ਼ਾਲਮ ਰਾਜ ਦਾ ਅੰਤ ਕਰੇਗੀ। ਜਿਸ ਤੋਂ ਬਾਅਦ ਸੂਬੇ ਵਿੱਚ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਕੀਤੀ ਜਾਵੇਗੀ।
ਦਰਅਸਲ, ਗੁਜਰਾਤ ਦੇ ਡਾਂਗਸ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰੀ ਇਕੱਠ ਨੂੰ ਸੰਬੋਧਿਤ ਕੀਤਾ ਗਿਆ। ਇਸ ਸੰਬੋਧਨ ਦੌਰਾਨ ਉਨ੍ਹਾਂ ਨੇ ਦੁਹਰਾਇਆ ਕਿ ਆਪ’ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਹੈ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਗੁਜਰਾਤ ਦੇ ਲੋਕਾਂ ਦਾ ਪੈਸਾ ਲੁੱਟਣ ਵਾਲੇ ਸਾਰੇ ਭ੍ਰਿਸ਼ਟ ਆਗੂਆਂ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਅਤੇ ਕਾਲੇ ਕੰਮਾਂ ਦਾ ਹਿਸਾਬ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੀ ਸੜਕ ‘ਤੇ ਜਾਮ ਤੋਂ ਪ੍ਰੇਸ਼ਾਨ ਹੋਏ ਅਨਿਲ ਵਿੱਜ, CM ਮਾਨ ਨੂੰ ਚਿੱਠੀ ਲਿਖ ਦਿੱਤੀ ਸਲਾਹ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਗੂਆਂ ਨੇ ਅੰਗਰੇਜ਼ਾਂ ਨਾਲੋਂ ਵੀ ਕਿਤੇ ਵੱਧ ਬੇਰਹਿਮੀ ਨਾਲ ਦੇਸ਼ ਦਾ ਪੈਸਾ ਲੁੱਟਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ,”ਪਹਿਲੇ ਲੜੇ ਥੇ ਗੋਰੋਂ ਸੇ, ਅਬ ਲੜੇਂਗੇ ਚੋਰੋਂ ਸੇ।” ਉਨ੍ਹਾਂ ਲੋਕਾਂ ਨੂੰ ਚੰਗੇ ਭਵਿੱਖ ਲਈ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇਮਾਨਦਾਰ ‘ਆਪ’ ਪਾਰਟੀ ਨੂੰ ਮੌਕਾ ਦੇ ਕੇ ਭਾਜਪਾ ਦੇ 27 ਸਾਲ ਪੁਰਾਣੇ ਰਾਜ ਨੂੰ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਗੁਜਰਾਤ ਵਿੱਚ ਸਰਕਾਰ ਬਣਾਉਣ ਦਾ ਮੌਕਾ ਦਿਓ।
ਇਸ ਤੋਂ ਅੱਗੇ CM ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗੁਜਰਾਤ ਵਿੱਚੋਂ ਭ੍ਰਿਸ਼ਟ ਅਤੇ ਜ਼ਾਲਮ ਭਾਜਪਾ ਆਗੂਆਂ ਨੂੰ ਸੱਤਾ ਤੋਂ ਲਾਂਭੇ ਕਰਕੇ ਸੂਬੇ ਦੀ ਸਿਆਸਤ ਵਿੱਚ ਬਦਲਾਅ ਲਿਆਂਦਾ ਜਾਵੇ । ਮਾਨ ਨੇ ਕਿਹਾ ਕਿ ‘ਆਪ’ ਵਿਕਾਸ ਕਰਕੇ ਨਵੇਂ ਸਕੂਲ ਬਣਾ ਕੇ ਅਤੇ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਦੇ ਕੇ ਗੁਜਰਾਤ ਸਮੇਤ ਦੇਸ਼ ਦੀ ਰਾਜਨੀਤੀ ਵਿੱਚੋਂ ਫੈਲੀ ਗੰਦਗੀ ਨੂੰ ਝਾੜੂ ਨਾਲ ਸਾਫ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: