ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਪ੍ਰਧਾਨ ਮੰਤਰੀ ਮੈਗਾ ਇੰਟੈਗ੍ਰੇਟਿਡ ਟੈਕਸਟਾਈਲ ਰੀਜਨ ਤੇ ਐਪੇਰਲ ਪਾਰਕਜ਼ (ਪੀ.ਐਮ. ਮਿੱਤਰਾ) ਸਕੀਮ’ ਅਧੀਨ ਟੈਕਸਟਾਈਲ ਪਾਰਕ ਸਥਾਪਤ ਕਰਨ ਲਈ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ 1000 ਏਕੜ ਜ਼ਮੀਨ ਭਾਰਤ ਸਰਕਾਰ ਨੂੰ ਦੇਣ ਦੀ ਪੇਸ਼ਕਸ਼ ਕੀਤੀ ਹੈ । ਇਸ ਸਬੰਧੀ CM ਭਗਵੰਤ ਮਾਨ ਨੇ ਕੇਂਦਰੀ ਟੈਕਸਟਾਈਲ ਮੰਤਰੀ ਪਿਯੂਸ਼ ਗੋਇਲ ਨੂੰ ਚਿੱਠੀ ਭੇਜੀ ਹੈ।
CM ਮਾਨ ਨੇ ਕਿਹਾ ਕਿ ਇਸ ਪਾਰਕ ਨੂੰ ਬਣਾਉਣ ਸਮੇਂ ਕੇਂਦਰ ਰੇ ਰਾਜ ਦੇ ਪ੍ਰਦੂਸ਼ਣ ਨਾਲ ਜੁੜੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਲਈ ਇੱਕ ਜਗ੍ਹਾ ‘ਤੇ 1000 ਏਕੜ ਜਮੀਨ ਹੋਣਾ ਬੁਨਿਆਦੀ ਸ਼ਰਤ ਹੈ। ਜਿਸ ਨੂੰ ਪੰਜਾਬ ਸਰਕਾਰ ਨੇ ਫਤਹਿਗੜ੍ਹ ਸਾਹਿਬ ਵਿੱਚ ਲੱਭਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨਾਲ ਜੁੜੀਆਂ ਸਾਰੀਆਂ ਜ਼ਰੂਰਤਾਂ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਅੱਗੇ CM ਮਾਨ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਵਿੱਚ ਇਸ ਪਾਰਕ ਦੇ ਬਣਨ ਨਾਲ ਪੰਜਾਬ ਦੇਸ਼ ਦਾ ਟੈਕਸਟਾਈਲ ਹੱਬ ਬਣ ਜਾਵੇਗਾ। ਇਸ ਪ੍ਰਾਜੈਕਟ ਨਾਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਜਿੱਥੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਸਹਾਈ ਹੋਵੇਗੀ, ਉੱਥੇ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੋਲ੍ਹੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਮੱਤੇਵਾੜਾ ਜੰਗਲਾਂ ਵਿੱਚ ਟੈਕਸਟਾਈਲ ਇੰਡਸਟਰੀ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਸੀ । ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਜਨਤਕ ਐਕਸ਼ਨ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਸੀਐਮ ਮਾਨ ਨੇ ਇਸ ਪ੍ਰਾਜੈਕਟ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ । ਮਾਨ ਨੇ ਕਿਹਾ ਸੀ ਕਿ ਇਹ ਪ੍ਰੋਜੈਕਟ ਪਾਣੀ ਅਤੇ ਜੰਗਲ ਲਈ ਠੀਕ ਨਹੀਂ ਹੈ । ਇਸ ਲਈ ਇਸ ਨੂੰ ਰੱਦ ਕੀਤਾ ਗਿਆ ਹੈ । ਉਨ੍ਹਾਂ ਇਹ ਵੀ ਕਿਹਾ ਸੀ ਕਿ ਪੰਜਾਬ ਵਿੱਚ ਦਰਿਆ ਦੇ ਨੇੜੇ ਕਿਧਰੇ ਵੀ ਕੋਈ ਪ੍ਰਾਜੈਕਟ ਨਹੀਂ ਲੱਗਣ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: