ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿੱਚ ਨਾਮਜ਼ਦਗੀਆਂ ਦਾ ਅੱਜ ਦੂਜਾ ਦਿਨ ਹੈ। ਪੰਜਾਬ ਦੇ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਧਰਮਵੀਰ ਗਾਂਧੀ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਸ ਦੇ ਨਾਲ ਹੀ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖਹਿਰਾ ਵੀ ਜਲਦੀ ਹੀ ਨਾਮਜ਼ਦਗੀ ਦਾਖਲ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਸਮਰਥਨ ਲਈ ਧਰਮਵੀਰ ਗਾਂਧੀ ਨਾਲ ਨਾਮਜ਼ਦਗੀ ਦਾਖ਼ਲ ਕਰਨ ਲਈ ਪਟਿਆਲਾ ਪੁੱਜੇ।
ਚੋਣ ਕਮਿਸ਼ਨ ਵੱਲੋਂ ਜਾਰੀ ਅਹਿਮ ਤਰੀਕਾਂ ਅਨੁਸਾਰ 14 ਮਈ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣੀਆਂ ਹਨ। 15 ਮਈ ਤੋਂ ਪੜਤਾਲ ਸ਼ੁਰੂ ਹੋਵੇਗੀ। ਉਮੀਦਵਾਰ 17 ਮਈ ਨੂੰ ਆਪਣੇ ਨਾਮ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ ਆਜ਼ਾਦ ਅਤੇ ਸਥਾਨਕ ਪਾਰਟੀਆਂ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ। ਜਦਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੋਣਾਂ ਹੋਣਗੀਆਂ।
ਹੁਣ ਤੱਕ ਕਾਂਗਰਸ ਨੇ ਨਾਮਜ਼ਦਗੀ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਕਾਂਗਰਸ ਵਲੋਂ ਜਾਰੀ ਬਿਆਨ ਅਨੁਸਾਰ 13 ਵਿੱਚੋਂ 6 ਉਮੀਦਵਾਰ 10 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੇ ਹਨ। 9 ਮਈ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਜਦੋਂ ਕਿ 10 ਮਈ ਨੂੰ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ, ਫਤਿਹਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ, ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਅਤੇ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਔਜਲਾ 11 ਮਈ ਨੂੰ ਅਤੇ ਵਿਜੇ ਇੰਦਰ ਸਿੰਗਲਾ 13 ਨੂੰ ਨਾਮਜ਼ਦਗੀ ਦਾਖਲ ਕਰਨਗੇ।
ਇਹ ਵੀ ਪੜ੍ਹੋ : ਗਰਮੀ ਤੋਂ ਬਚਣ ਲਈ ਪੰਜਾਬ ਦੇ ਸਕੂਲਾਂ ਨੂੰ ਐਡਵਾਈਜ਼ਰੀ ਜਾਰੀ, ਦਿੱਤੀਆਂ ਇਹ ਖਾਸ ਹਦਾਇਤਾਂ
ਪੰਜਾਬ ਵਿੱਚ ਨਾਮਜ਼ਦਗੀਆਂ ਦੇ ਪਹਿਲੇ ਦਿਨ 13 ਉਮੀਦਵਾਰਾਂ ਨੇ 15 ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਜਿਸ ਵਿਚ ਦਸਵਿੰਦਰ ਕੌਰ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਟਿਕਟ ‘ਤੇ ਅੰਮ੍ਰਿਤਸਰ ਤੋਂ ਨਾਮਜ਼ਦਗੀ ਦਾਖਲ ਕੀਤੀ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਅੰਗਰੇਜ਼ ਸਿੰਘ ਆਜ਼ਾਦ, ਫ਼ਿਰੋਜ਼ਪੁਰ ਤੋਂ ਅਰਵਿੰਦਰ ਸਿੰਘ ਆਜ਼ਾਦ, ਹੁਸ਼ਿਆਰਪੁਰ ਤੋਂ ਰੋਜਿਤ ਕੁਮਾਰ ਆਜ਼ਾਦ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਇਸ ਦੇ ਨਾਲ ਹੀ ਫ਼ਿਰੋਜ਼ਪੁਰ ਤੋਂ ਮਨਪ੍ਰੀਤ ਕੌਰ, ਗੁਰਦਾਸਪੁਰ ਤੋਂ ਤਰਸੇਮ ਮਸੀਹ ਆਜ਼ਾਦ, ਖਡੂਰ ਸਾਹਿਬ ਤੋਂ ਆਸ ਪੰਜਾਬ ਪਾਰਟੀ ਦੇ ਉਮੀਦਵਾਰ ਚੈਨ ਸਿੰਘ, ਪਟਿਆਲਾ ਤੋਂ ਭਾਰਤੀ ਨੌਜਵਾਨ ਕਿਸਾਨ ਪਾਰਟੀ ਦੇ ਦਵਿੰਦਰ ਸਿੰਘ ਰਾਜਪੂਤ, ਆਨੰਦਪੁਰ ਸਾਹਿਬ ਤੋਂ ਦਰਸ਼ਨ ਸਿੰਘ, ਫਰੀਦਕੋਟ ਤੋਂ ਬਹਾਦਰ ਸਿੰਘ, ਪਟਿਆਲਾ ਤੋਂ ਜਗਦੀਸ਼ ਕੁਮਾਰ ਆਜ਼ਾਦ, ਡਿੰਪਲ ਆਜ਼ਾਦ ਅਤੇ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਕ੍ਰਿਸ਼ਨ ਦੇਵ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਵੀਡੀਓ ਲਈ ਕਲਿੱਕ ਕਰੋ -: