congress has targeted pm modi: ਨਵੀਂ ਦਿੱਲੀ: ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਹਰ ਦਿਨ ਵੱਧ ਰਹੇ ਕੇਸਾਂ ਦੀ ਗਿਣਤੀ ਰਿਕਾਰਡ ਤੋੜ ਰਹੀ ਹੈ। ਇਸ ਦੌਰਾਨ ਕਾਂਗਰਸ ਨੇ ਅੱਜ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਨੇ ਕਿਹਾ ਹੈ ਕਿ ਕੋਰੋਨਾ ਦੀ ਵਿਕਾਸ ਦਰ ਭਾਰਤ ਵਿੱਚ ਸਭ ਤੋਂ ਵੱਧ ਹੈ। ਪ੍ਰਧਾਨ ਮੰਤਰੀ ਮੋਦੀ ਨੀਂਦ ਚੋਂ ਉੱਠੋ ਅਤੇ ਗਾਂਧੀ-ਨਹਿਰੂ ਦੇ ਭਾਰਤ ‘ਚ ਆਓ। ਕਾਂਗਰਸ ਕੋਰੋਨਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀ ਹੈ। ਕਾਂਗਰਸ ਨੇ ਭਾਜਪਾ ਦੇ ਇੱਕ ਟਵੀਟ ਨੂੰ ਰੀ ਟਵੀਟ ਕਰਦਿਆਂ ਲਿਖਿਆ, “ਕੋਰੋਨਾ ਦੀ ਵਿਕਾਸ ਦਰ ਭਾਰਤ ਵਿੱਚ ਸਭ ਤੋਂ ਵੱਧ ਹੈ। ਕੀ ਤੁਸੀਂ ਜਾਣਦੇ ਹੋ ਪ੍ਰਧਾਨ ਮੰਤਰੀ ਜੀ? ਜੇ ਤੁਸੀਂ ਨੀਂਦ ‘ਚ ਹੋ, ਤਾਂ ਉੱਠੋ। ਜੇ ਤੁਸੀਂ ਖਿਆਲਾਂ ਵਿੱਚ ਹੋ, ਤਾਂ ਹਕੀਕਤ ਵਿੱਚ ਆਓ। ਜੇ ਕਿਸੇ ਹੋਰ ਭਾਰਤ ‘ਚ ਹੋ, ਤਾਂ ਗਾਂਧੀ-ਨਹਿਰੂ ਵਾਲੇ ਭਾਰਤ ‘ਚ ਆਓ। ਸੱਚ ਨੂੰ ਸਵੀਕਾਰ ਕਰੋ। ਗੱਪਾਂ ਬਹੁਤ ਹੋਈਆਂ, ਹੁਣ ਕੰਮ ਕਰੋ।”
ਦਰਅਸਲ, ਇਸ ਤੋਂ ਪਹਿਲਾਂ, ਭਾਜਪਾ ਨੇ ਪੀਐਮ ਮੋਦੀ ਦੇ ਇੱਕ ਬਿਆਨ ਨੂੰ ਟਵੀਟ ਕਰਦਿਆਂ ਕਿਹਾ ਸੀ, “ਜਿਸ ਤਰੀਕੇ ਨਾਲ ਦੇਸ਼ ਵਿੱਚ ਸਹੀ ਸਮੇਂ ਸਹੀ ਫੈਸਲੇ ਲਏ ਗਏ ਸਨ, ਅੱਜ ਇਸਦਾ ਨਤੀਜਾ ਇਹ ਹੋਇਆ ਹੈ ਕਿ ਭਾਰਤ ਦੂਜੇ ਦੇਸ਼ਾਂ ਨਾਲੋਂ ਕਿਤੇ ਬਿਹਤਰ ਸਥਿਤੀ ਵਿੱਚ ਹੈ। ਦੇਸ਼ ਵਿੱਚ ਕੋਰੋਨਾ ਕਾਰਨ ਹੋਈ ਮੌਤ ਵੱਡੇ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਰਿਕਵਰੀ ਦੀ ਦਰ ਦੂਜੇ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਹੈ।” ਦੱਸ ਦੇਈਏ ਕਿ ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਗਿਣਤੀ 14 ਲੱਖ 83 ਹਜ਼ਾਰ 157 ਹੋ ਗਈ ਹੈ। ਪਿੱਛਲੇ 24 ਘੰਟਿਆਂ ਵਿੱਚ, 47 ਹਜ਼ਾਰ 704 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 654 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 33,425 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 9 ਲੱਖ 52 ਹਜ਼ਾਰ 743 ਲੋਕਾਂ ਦਾ ਇਲਾਜ ਕੀਤਾ ਗਿਆ ਹੈ ਅਤੇ 4 ਲੱਖ 96 ਹਜ਼ਾਰ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।