Congress leader Priyanka Gandhi: ਨਵੀਂ ਦਿੱਲੀ: ਫੇਸਬੁੱਕ ਹੇਟ ਸਪੀਚ ਦੇ ਮੁੱਦੇ ‘ਤੇ ਵਿਰੋਧੀ ਪਾਰਟੀ ਕੇਂਦਰ ਦੀ ਮੋਦੀ ਸਰਕਾਰ ‘ਤੇ ਹਮਲਾ ਬੋਲ ਰਹੀ ਹੈ । ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਬਾਅਦ ਹੁਣ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ । ਪ੍ਰਿਯੰਕਾ ਨੇ ਫੇਸਬੁੱਕ ‘ਤੇ ਇੱਕ ਪੋਸਟ ਦੇ ਜ਼ਰੀਏ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਭਾਜਪਾ ਨੇਤਾਵਾਂ ਦੀ ਫੇਸਬੁੱਕ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਦਾ ਦੋਸ਼ ਲਾਇਆ ਹੈ ।
ਉਨ੍ਹਾਂ ਕਿਹਾ, “ਭਾਰਤ ਦੇ ਬਹੁਤੇ ਮੀਡੀਆ ਚੈਨਲਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੀ ਵਾਰੀ ਆਈ ਹੈ। ਭਾਰਤੀ ਜਨਤਾ ਪਾਰਟੀ ਨਫ਼ਰਤ ਅਤੇ ਗਲਤ ਪ੍ਰਚਾਰ ਫੈਲਾਉਣ ਲਈ ਹਰ ਤਰ੍ਹਾਂ ਦੀਆਂ ਚਾਲਾਂ ਦੀ ਵਰਤੋਂ ਕਰਦੀ ਸੀ ਅਤੇ ਹੁਣ ਵੀ ਕਰ ਰਹੀ ਹੈ । ਫੇਸਬੁੱਕ ਜੋ ਆਮ ਲੋਕਾਂ ਦੇ ਪ੍ਰਗਟਾਵੇ ਵਿੱਚੋਂ ਇੱਕ ਸਧਾਰਣ ਮਾਧਿਅਮ ਹੈ, ਉਸਦੀ ਵਰਤੋਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਵੱਲੋਂ ਗੁੰਮਰਾਹਕੁੰਨ ਜਾਣਕਾਰੀ ਅਤੇ ਨਫ਼ਰਤ ਫੈਲਾਉਣ ਲਈ ਕੀਤੀ ਜਾਂਦੀ ਹੈ।” ਪ੍ਰਿਯੰਕਾ ਨੇ ਇਹ ਵੀ ਕਿਹਾ ਕਿ ਸਿਰਫ ਇਹ ਨਹੀਂ ਕਿ ਫੇਸਬੁੱਕ ਕੋਈ ਕਾਰਵਾਈ ਨਾ ਕਰ ਪਾਏ, ਇਸਦੇ ਲਈ ਭਾਜਪਾ ਨੇ ਫੇਸਬੁੱਕ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਵੀ ਕੀਤੀ ਤਾਂ ਜੋ ਸੋਸ਼ਲ ਮੀਡੀਆ ‘ਤੇ ਕੰਟਰੋਲ ਬਣਿਆ ਰਹੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰ ਚੁੱਕੇ ਹਨ । ਉਨ੍ਹਾਂ ਨੇ ਟਵੀਟ ਕਰਕੇ ਭਾਜਪਾ ਅਤੇ ਆਰਐਸਐਸ ‘ਤੇ ਭਾਰਤ ਵਿੱਚ ਝੂਠੀਆਂ ਖ਼ਬਰਾਂ ਫੈਲਾਉਣ ਦਾ ਦੋਸ਼ ਲਾਇਆ ਸੀ । ਆਪਣੇ ਟਵੀਟ ਵਿੱਚ ਰਾਹੁਲ ਗਾਂਧੀ ਨੇ ਕਿਹਾ, “ਭਾਜਪਾ-ਆਰਐਸਐਸ ਭਾਰਤ ਵਿੱਚ ਫੇਸਬੁੱਕ ਅਤੇ ਵਟਸਐਪ ਨੂੰ ਕੰਟਰੋਲ ਕਰਦੀ ਹੈ । ਇਸ ਦੇ ਜ਼ਰੀਏ ਉਹ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਫੈਲਾ ਕੇ ਵੋਟਰਾਂ ਨੂੰ ਲੁਭਾਉਂਦੇ ਹਨ । ਆਖਰਕਾਰ, ਅਮਰੀਕੀ ਮੀਡੀਆ ਨੇ ਫੇਸਬੁੱਕ ਦੀ ਸੱਚਾਈ ਦਾ ਪਰਦਾਫਾਸ਼ ਕੀਤਾ ਹੈ।”
ਦੱਸ ਦੇਈਏ ਕਿ ਇਹ ਸਾਰਾ ਵਿਵਾਦ ਵਾਲ ਸਟਰੀਟ ਜਨਰਲ ਦੀ ਇੱਕ ਰਿਪੋਰਟ ਨਾਲ ਸ਼ੁਰੂ ਹੋਇਆ ਸੀ। ਜਿਸ ਵਿੱਚ ਫੇਸਬੁੱਕ ਕਰਮਚਾਰੀ ਨੇ ਭਾਜਪਾ ਨੇਤਾ ਟੀ ਰਾਜਾ ਦੇ ਨਫ਼ਰਤ ਭਰੇ ਭਾਸ਼ਣ ਦਾ ਵਿਰੋਧ ਕੀਤਾ ਸੀ । ਰਿਪੋਰਟ ਅਨੁਸਾਰ ਕੰਪਨੀ ਨੇ ਇਸ ਨੂੰ ਨਿਯਮਾਂ ਦੇ ਵਿਰੁੱਧ ਮੰਨਿਆ। ਹਾਲਾਂਕਿ, ਕੰਪਨੀ ਨੇ ਕਰਮਚਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ।