hathras gangrape victim death: ਹਥਰਾਸ ਵਿੱਚ ਘਿਨਾਉਣੇ ਅਪਰਾਧ ਦੀ ਸ਼ਿਕਾਰ ਹੋਈ ਲੜਕੀ ਦੀ 15 ਦਿਨਾਂ ਬਾਅਦ ਮੌਤ ਹੋ ਗਈ ਹੈ। ਅੱਜ 19 ਸਾਲਾ ਪੀੜਤ ਦੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਹੈ। 14 ਸਤੰਬਰ ਨੂੰ 4 ਬਦਮਾਸ਼ਾਂ ਨੇ 19 ਸਾਲਾ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਫਿਰ ਲੜਕੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ। ਲੜਕੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ 9 ਦਿਨਾਂ ਤੱਕ ਉਸ ਨੂੰ ਹੋਸ਼ ਨਹੀਂ ਆਇਆ ਸੀ। ਹੋਸ਼ ਆਉਣ ‘ਤੇ ਪੀੜਤ ਲੜਕੀ ਨੇ ਜੋ ਦੱਸਿਆ ਉਹ ਸੁਣ ਕੇ ਸਭ ਹੈਰਾਨ ਰਹਿ ਗਏ। ਏਨੀ ਦਰਿੰਦਗੀ ਤੋਂ ਬਾਅਦ ਵੀ ਉਹ ਆਪਣੇ ਆਖ਼ਰੀ ਸਾਹਾਂ ਤੱਕ ਜ਼ਿੰਦਗੀ ਲਈ ਲੜਦੀ ਰਹੀ, ਪਰ ਅੱਜ ਉਹ ਇਸ ਲੜਾਈ ‘ਚ ਹਾਰ ਗਈ। ਮੁਲਜ਼ਮਾਂ ਦੀ ਪਛਾਣ ਸੰਦੀਪ, ਲਵਕੁਸ਼, ਰਾਮੂ ਅਤੇ ਰਵੀ ਵਜੋਂ ਹੋਈ, ਜੋ ਲੜਕੀ ਦੇ ਪਿੰਡ ਨਾਲ ਹੀ ਸਬੰਧਿਤ ਹਨ। ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਰਾਜਨੀਤੀ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਜਨਰਲ ਸੱਕਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੀੜਤ ਲੜਕੀ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਤਿੰਨ ਤੋਂ ਚਾਰ ਦਿਨਾਂ ਵਿੱਚ ਹਥਰਾਸ ਪਹੁੰਚਣ ਅਤੇ ਮਿਲਣ ਦਾ ਭਰੋਸਾ ਦਿੱਤਾ ਹੈ। ਪ੍ਰਿਯੰਕਾ ਨੇ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਅਮਨ-ਕਾਨੂੰਨ ਦਾ ਮੁੱਦਾ ਚੁੱਕਿਆ।
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਹਥਰਾਸ ਵਿੱਚ ਪੀੜਤ ਦਲਿਤ ਲੜਕੀ ਦੀ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ ਹੈ। ਦੋ ਹਫ਼ਤਿਆਂ ਤੱਕ ਉਹ ਹਸਪਤਾਲਾਂ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਜੂਝਦੀ ਰਹੀ। ਹਥਰਾਸ, ਸ਼ਾਹਜਹਾਨਪੁਰ ਅਤੇ ਗੋਰਖਪੁਰ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਨੇ ਰਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਆਪਣੇ ਅਗਲੇ ਟਵੀਟ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਯੂ ਪੀ ਵਿੱਚ ਅਮਨ-ਕਾਨੂੰਨ ਬਹੁਤ ਹੱਦ ਤੱਕ ਖ਼ਰਾਬ ਹੋਇਆ ਹੈ। ਔਰਤਾਂ ਦੀ ਸੁਰੱਖਿਆ ਦਾ ਕੋਈ ਨਾਮ-ਨਿਸ਼ਾਨ ਨਹੀਂ ਹੈ। ਅਪਰਾਧੀ ਖੁੱਲ੍ਹੇਆਮ ਜੁਰਮ ਕਰ ਰਹੇ ਹਨ। ਇਸ ਲੜਕੀ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਤੁਸੀਂ ਯੂ ਪੀ ਦੀਆਂ ਔਰਤਾਂ ਦੀ ਸੁਰੱਖਿਆ ਲਈ ਜਵਾਬਦੇਹ ਹੋ।