muting of democratic india continues : ਨਵੀਂ ਦਿੱਲੀ: ਕਿਸਾਨ ਬਿੱਲ ਨੂੰ ਲੈ ਕੇ ਰਾਜ ਸਭਾ ਵਿੱਚ ਹੋਏ ਹੰਗਾਮੇ ਤੋਂ ਬਾਅਦ ਵਿਰੋਧੀ ਧਿਰ ਦੇ ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸਰਕਾਰ ਨੂੰ ਸਖ਼ਤ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੱਖ-ਵੱਖ ਵਿਰੋਧੀ ਨੇਤਾਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਅਲੋਕਤੰਤਰੀ ਢੰਗ ਨਾਲ ਵਿਰੋਧੀ ਧਿਰ ਦੀ ਅਵਾਜ਼ ਨੂੰ ਦਬਾ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਲੋਕਤੰਤਰੀ ਭਾਰਤ ਦੀ ਅਵਾਜ ਨੂੰ ਦਬਾਉਣਾ ਜਾਰੀ ਹੈ, ਸਰਕਾਰ ਦਾ ਘਮੰਡ ਸਾਰੇ ਦੇਸ਼ ਲਈ ਆਰਥਿਕ ਸੰਕਟ ਲਿਆਇਆ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਲੋਕਤੰਤਰੀ ਭਾਰਤ ਦੀ ਅਵਾਜ ਨੂੰ ਦਬਾਉਣਾ ਜਾਰੀ: ਸ਼ੁਰੂ ਵਿੱਚ ਉਨ੍ਹਾਂ ਨੂੰ ਚੁੱਪ ਕਰਾਇਆ ਗਿਆ, ਅਤੇ ਬਾਅਦ ਵਿੱਚ ਕਾਲੇ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦੀਆਂ ਚਿੰਤਾਵਾਂ ਤੋਂ ਮੂੰਹ ਮੋੜਦਿਆਂ ਸੰਸਦ ਵਿੱਚ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ… ‘ਸਰਬ-ਸ਼ਕਤੀਮਾਨ’ ਸਰਕਾਰ ਦੇ ਕਦੇ ਨਾ ਖ਼ਤਮ ਹੋਣ ਵਾਲੇ ਘਮੰਡ ਕਾਰਨ ਸਾਰੇ ਦੇਸ਼ ਲਈ ਆਰਥਿਕ ਸੰਕਟ ਆ ਗਿਆ ਹੈ।”
ਇਸ ਤੋਂ ਪਹਿਲਾਂ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਲਈ ਮੋਦੀ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਸੀ। ਮਮਤਾ ਬੈਨਰਜੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਲੜ ਰਹੇ ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਕਰਨਾ ਮੰਦਭਾਗਾ ਹੈ ਅਤੇ ਇਸ ਨਿਰੰਕੁਸ਼ ਸਰਕਾਰ ਦੀ ਸੋਚ ਨੂੰ ਦਰਸਾਉਂਦਾ ਹੈ ਕਿ ਇਹ ਲੋਕਤੰਤਰੀ ਨਿਯਮਾਂ ਅਤੇ ਸਿਧਾਂਤਾਂ ਦਾ ਸਤਿਕਾਰ ਨਹੀਂ ਕਰਦੀ … ਅਸੀਂ ਨਹੀਂ ਝੁਕਾਂਗੇ ਅਤੇ ਸੰਸਦ ਵਿੱਚ ਅਤੇ ਸੜਕਾਂ ‘ਤੇ ਇਸ ਫਾਸ਼ੀਵਾਦੀ ਸਰਕਾਰ ਨਾਲ ਲੜਾਂਗੇ।”