navjot sidhu farmer bill protest: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਵਿਰੁੱਧ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੁੱਧਵਾਰ ਨੂੰ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸਾਬਕਾ ਕ੍ਰਿਕਟਰ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਵੀ ਸੜਕਾਂ ‘ਤੇ ਉਤਰ ਆਏ ਅਤੇ ਕਿਸਾਨ ਬਿੱਲ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਸ ਦਾ ਵਿਰੋਧ ਕੀਤਾ। ਪੰਜਾਬ ਅਤੇ ਹਰਿਆਣਾ ਵਿੱਚ ਇਸ ਬਿੱਲ ਖਿਲਾਫ ਸਭ ਤੋਂ ਵੱਧ ਹਮਲਾਵਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਇਕਮੁੱਠਤਾ ਦਿਖਾਈ ਗਈ ਹੈ, ਉਥੇ ਹੀ ਹੋਰ ਕਿਸਾਨ ਜੱਥੇਬੰਦੀਆਂ ਵੀ ਇਸ ਬਿੱਲ ਦੇ ਖਿਲਾਫ ਆ ਗਈਆਂ ਹਨ। ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਬਾਅਦ ਇੱਕ ਵੱਡੇ ਜਨਤਕ ਸਮਾਗਮ ਵਿੱਚ ਨਜ਼ਰ ਆਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਉਨ੍ਹਾਂ ਦਾ ਸਬੰਧ ਠੀਕ ਨਹੀਂ ਰਿਹਾ, ਜਿਸ ਕਾਰਨ ਉਹ ਪੰਜਾਬ ਦੀ ਰਾਜਨੀਤੀ ਵਿੱਚ ਘੱਟ ਸਰਗਰਮ ਹਨ। ਹਾਲਾਂਕਿ, ਕੋਰੋਨਾ ਸੰਕਟ ਸਮੇਂ ਵੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵੀਡੀਓ ਪਾ ਕੇ ਮੁੱਦਿਆਂ ਬਾਰੇ ਗੱਲ ਜਾਰੀ ਰੱਖੀ ਸੀ।
ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਵਿਚਾਲੇ ਤਕਰਾਰ ਹੋ ਗਈ ਸੀ। ਕੈਪਟਨ ਅਮਰਿੰਦਰ ਨੇ ਸਿੱਧੂ ਨੂੰ ਪੰਜਾਬ ਦੇ ਮਾੜੇ ਚੋਣ ਨਤੀਜਿਆਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਸੀ। ਲੰਬੇ ਵਿਵਾਦ ਤੋਂ ਬਾਅਦ ਸਿੱਧੂ ਨੇ ਜੁਲਾਈ 2019 ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਉਹ ਚੁੱਪ ਰਹੇ ਹਨ। ਆਉਣ ਵਾਲੇ 25 ਸਤੰਬਰ ਨੂੰ ਦੇਸ਼ ਭਰ ਦੀਆਂ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ, ਰਾਜਨੀਤਿਕ ਪਾਰਟੀਆਂ ਨੇ ਇਸ ਬਿੱਲ ਦੇ ਵਿਰੁੱਧ ਪ੍ਰਦਰਸ਼ਨ ਦੀ ਗੱਲ ਕਹੀ ਹੈ। ਪੰਜਾਬ ਵਿੱਚ ਵੀ ਇਸ ਦੀ ਵਿਆਪਕ ਤਿਆਰੀ ਹੋ ਰਹੀ ਹੈ।