rahul gandhi attacks pm narendra modi: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਰੁਜ਼ਗਾਰ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਵੱਲੋਂ ਵੀਰਵਾਰ ਨੂੰ ਰੁਜ਼ਗਾਰ ਦੇ ਮੁੱਦੇ ‘ਤੇ ਆਨਲਾਈਨ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਦੇ ਵਿਚਕਾਰ, ਰਾਹੁਲ ਗਾਂਧੀ ਨੇ ਆਪਣਾ ਇੱਕ ਵੀਡੀਓ ਜਾਰੀ ਕੀਤਾ ਹੈ। ਰਾਹੁਲ ਨੇ ਕਿਹਾ ਕਿ ਕੋਰੋਨਾ ਆਉਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਆਰਥਿਕ ਤੂਫਾਨ ਆ ਰਿਹਾ ਹੈ, ਪਰ ਸਰਕਾਰ ਨੇ ਮੇਰਾ ਮਜ਼ਾਕ ਉਡਾਇਆ। ਰਾਹੁਲ ਗਾਂਧੀ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਸਰਕਾਰ ਨੇ ਕੋਈ ਤਿਆਰੀ ਨਹੀਂ ਰੱਖੀ, ਮੈਂ ਸਰਕਾਰ ਨੂੰ ਕਿਹਾ ਸੀ ਕਿ ਉਹ ਗਰੀਬ ਲੋਕਾਂ ਦੇ ਖ਼ਾਤੇ ਵਿੱਚ ਇਨਸਾਫ ਸਕੀਮ ਤਹਿਤ ਪੈਸੇ ਭੇਜਣ, ਛੋਟੇ ਕਾਰੋਬਾਰੀਆਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ, ਰਣਨੀਤਕ ਢੰਗ ਨਾਲ ਉਦਯੋਗ ਦਾ ਪ੍ਰਬੰਧਨ ਕਰਨ। ਪਰ ਸਰਕਾਰ ਨੇ ਅਜਿਹਾ ਨਾ ਕਰਕੇ ਆਪਣੇ ਅਮੀਰ ਵਪਾਰੀਆਂ ਦੀ ਮਦਦ ਕੀਤੀ ਹੈ। ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੁੱਝ ਕਹਿਣਾ ਚਾਹੀਦਾ ਹੈ, ਤੁਸੀਂ ਲੰਬੇ ਸਮੇਂ ਤੋਂ ਕੁੱਝ ਨਹੀਂ ਕਿਹਾ,ਨਾ ਤਾਂ ਅਰਥਚਾਰੇ ‘ਤੇ ਬੋਲੇ ਅਤੇ ਨਾ ਹੀ ਚੀਨ ‘ਤੇ ਬੋਲੇ, ਕੁੱਝ ਬੋਲੋ ਦੇਸ਼ ਤੁਹਾਨੂੰ ਦੇਖ ਰਿਹਾ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਭਾਰਤ ਦੀ ਜਵਾਨੀ ਤੁਹਾਡੇ ਵੱਲ ਵੇਖ ਰਹੀ ਹੈ, ਤੁਸੀਂ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਹੁਣ ਵੀ ਸਰਕਾਰ ਨੂੰ ਇਨ੍ਹਾਂ ਕਦਮਾਂ ‘ਤੇ ਫੈਸਲਾ ਲੈਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਸਿਰਫ ਆਪਣੇ ਕੁੱਝ “ਦੋਸਤਾਂ” ਦੀ ਸੁਣਦੇ ਹਨ ਅਤੇ ਉਨ੍ਹਾਂ ਦਾ ਵਿਕਾਸ ਕਰਦੇ ਹਨ। ਅੱਜ ਦੇਸ਼ ਦੇ ਨੌਜਵਾਨ ਰੁਜ਼ਗਾਰ ਅਤੇ ਆਪਣੇ ਹੱਕਾਂ ਲਈ ਸੁਨਹਿਰੇ ਭਵਿੱਖ ਦੀ ਮੰਗ ਕਰ ਰਹੇ ਹਨ ਪਰ ਮੋਦੀ ਜੀ ਚੁੱਪ ਹਨ, ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਵਿਦਿਆਰਥੀਆਂ ਅਤੇ ਕਾਂਗਰਸ ਪਾਰਟੀ ਵੱਲੋਂ 9 ਵਜੇ 9 ਮਿੰਟ ਦੀ ਮੁਹਿੰਮ ਚਲਾਈ ਗਈ ਸੀ। ਜਿਸ ਵਿੱਚ ਬੇਰੁਜ਼ਗਾਰੀ ਦੇ ਮੁੱਦੇ ਲਈ ਰਾਤ 9 ਵਜੇ 9ਮਿੰਟ ਲਈ ਦੀਵੇ ਜਗਾਏ ਗਏ ਸੀ। ਰਾਹੁਲ ਗਾਂਧੀ ਅਜਿਹੀਆਂ ਵੀਡੀਓ ਜਾਰੀ ਕਰਕੇ ਸਰਕਾਰ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ ਅਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਰਹੇ ਹਨ।