rahul gandhi punjab visit farmer protest: ਸੰਗਰੂਰ : ਖੇਤੀਬਾੜੀ ਕਾਨੂੰਨ ਖਿਲਾਫ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਇਸ ਸਮੇਂ ਪੰਜਾਬ ਵਿੱਚ ਖੇਤੀ ਬਚਾਓ ਯਾਤਰਾ ਦੀ ਅਗਵਾਈ ਕਰ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੂਜੇ ਦਿਨ ਪੰਜਾਬ ‘ਚ ਆਪਣੀ ਟਰੈਕਟਰ ਯਾਤਰਾ ‘ਚ ਕੇਂਦਰ ਸਰਕਾਰ ‘ਤੇ ਫਿਰ ਜੰਮ ਕੇ ਨਿਸ਼ਾਨਾ ਵਿਨ੍ਹਿਆ। ਰਾਹੁਲ ਦੀ ਯਾਤਰਾ ‘ਚ ਕਿਸਾਨ ਮਜ਼ਦੂਰ ਏਕਤਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਹੁਣ ਕਿਸਾਨ ਜਾ ਕੇ ਮੰਡੀ ਵਿੱਚ ਗੱਲ ਕਰ ਸਕਦਾ ਹੈ, ਪਰ ਇਨ੍ਹਾਂ ਨਵੇਂ ਕਾਨੂੰਨਾਂ ਤੋਂ ਬਾਅਦ ਕਿਸਾਨ ਕੋਲ ਉਹ ਰਸਤਾ ਨਹੀਂ ਬਚੇਗਾ। ਰਾਹੁਲ ਨੇ ਕਿਹਾ ਕਿ ਮੰਡੀ ਪ੍ਰਣਾਲੀ ਵਿੱਚ ਕਮੀਆਂ ਹਨ ਪਰ ਇਸ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਕਿਸਾਨਾਂ ਲਈ ਕੰਮ ਕਰਨ ਦੀ ਲੋੜ ਹੈ, ਪਰ ਮੋਦੀ ਜੀ ਅਜਿਹਾ ਨਹੀਂ ਕਰ ਰਹੇ। ਉਹ ਇਸ ਸਾਰੀ ਪ੍ਰਣਾਲੀ ਨੂੰ ਖਤਮ ਕਰ ਰਹੇ ਹਨ। ਜਿਸ ਤਰ੍ਹਾਂ ਨੋਟਬੰਦੀ ਨਾਲ ਗਰੀਬਾਂ ਨੂੰ ਠੇਸ ਪਹੁੰਚੀ ਹੈ, ਉਸੇ ਤਰ੍ਹਾਂ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ।
ਸੋਮਵਾਰ ਨੂੰ ਸੰਗਰੂਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿੱਛਲੇ 6 ਸਾਲਾਂ ਵਿੱਚ ਮੋਦੀ ਸਰਕਾਰ ਸਿਰਫ ਕਿਸਾਨਾਂ ਅਤੇ ਗਰੀਬਾਂ ‘ਤੇ ਹਮਲੇ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਨੀਤੀ ਸਿਰਫ ਦੋ-ਚਾਰ ਦੋਸਤਾਂ ਲਈ ਬਣਾਈ ਜਾਂਦੀ ਹੈ। ਪਹਿਲਾਂ ਨੋਟਬੰਦੀ ਫਿਰ ਜੀ.ਐੱਸ.ਟੀ ਲਾਗੂ ਕਰ ਦਿੱਤੀ। ਨੋਟਬੰਦੀ ਕਾਰਨ ਸਾਰਾ ਦੇਸ਼ ਸੜਕਾਂ ‘ਤੇ ਉਤਰ ਆਇਆ। ਰਾਹੁਲ ਨੇ ਕਿਹਾ, ਤਿੰਨ ਖੇਤੀ ਕਾਨੂੰਨਾਂ ਜ਼ਰੀਏ ਲੋਕਾਂ ਖਾਸ ਕਰਕੇ ਕਿਸਾਨਾਂ ਦੀ ਆਜ਼ਾਦੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਇਸ ਨੂੰ ਹੋਣ ਨਹੀਂ ਦੇਵੇਗੀ।