Rahul Gandhi slams PM Modi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ । ਉਨ੍ਹਾਂ ਨੇ ਟਵਿੱਟਰ ਰਾਹੀਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਰਸੋਈ ਗੈਸ ਅਤੇ ਡੀਜ਼ਲ-ਪੈਟਰੋਲ ਦੀਆਂ ਵਧਦੀਆਂ ਕੀਮਤਾਂ ਬਾਰੇ ਟਵੀਟ ਕੀਤਾ ਹੈ ਅਤੇ ਪੀਐਮ ਮੋਦੀ ਦੀ ਅਗਵਾਈ ਵਾਲੀ NDA ਸਰਕਾਰ ‘ਤੇ ਤੰਜ ਕਸਿਆ ਹੈ।
ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ ਹੈ,”ਮੋਦੀ ਜੀ ਨੇ ‘GDP’ ਯਾਨੀ ਗੈਸ-ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਕਰ ਕੇ ਦਰਸਾਇਆ ਹੈ! ਜਨਤਾ ਮਹਿੰਗਾਈ ਨਾਲ ਜੂਝ ਰਹੀ ਹੈ, ਮੋਦੀ ਸਰਕਾਰ ਟੈਕਸ ਵਸੂਲੀ ਵਿੱਚ ਰੁੱਝੀ ਹੋਈ ਹੈ।” ਰਾਹੁਲ ਨੇ ਟਵਿੱਟਰ ‘ਤੇ ਇੱਕ ਅਖਬਾਰ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਤੇਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਦੀ ਤੁਲਨਾ ਕੀਤੀ ਗਈ ਹੈ।
ਦਰਅਸਲ, ਇਸ ਸਕਰੀਨਸ਼ਾਟ ਵਿੱਚ ਦੱਸਿਆ ਗਿਆ ਹੈ ਕਿ 1 ਜੁਲਾਈ, 2020 ਨੂੰ ਜੈਪੁਰ ਵਿੱਚ ਰਸੋਈ ਗੈਸ ਦੇ ਪ੍ਰਤੀ ਸਿਲੰਡਰ ਦੀ ਕੀਮਤ 594.5 ਰੁਪਏ ਸੀ, ਜਦੋਂ ਕਿ 7 ਜਨਵਰੀ, 2021 ਨੂੰ ਇਹ ਰਕਮ ਵੱਧ ਕੇ 698 ਰੁਪਏ ਹੋ ਗਈ । ਇਸ ਦੇ ਨਾਲ ਹੀ, 1 ਜੁਲਾਈ, 2020 ਨੂੰ ਜੈਪੁਰ ਵਿੱਚ ਡੀਜ਼ਲ ਦੀ ਕੀਮਤ 81.32 ਰੁਪਏ ਪ੍ਰਤੀ ਲੀਟਰ ਸੀ, ਹੁਣ ਜਨਵਰੀ 2021 ਵਿੱਚ ਇਹ 83.64 ਰੁਪਏ ਹੋ ਗਈ ਹੈ। ਪੈਟਰੋਲ ਦੀਆਂ ਕੀਮਤਾਂ ਬਾਰੇ ਲਿਖਿਆ ਗਿਆ ਹੈ ਕਿ ਸਾਲ 1 ਜੁਲਾਈ 2020 ਨੂੰ ਪੈਟਰੋਲ ਦੀ ਕੀਮਤ 87.57 ਰੁਪਏ ਸੀ ਜੋ 7 ਜਨਵਰੀ 2021 ਨੂੰ ਵੱਧ ਕੇ 91.63 ਰੁਪਏ ਹੋ ਗਈ ।
ਦੱਸ ਦਈਏ ਕਿ ਤਾਮਿਲਨਾਡੂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਇੱਥੇ ਚੋਣ ਪ੍ਰਚਾਰ ਲਈ ਪਹੁੰਚੇ ਹਨ। ਉਸਨੇ ਸ਼ਨੀਵਾਰ ਨੂੰ ਤਾਮਿਲਨਾਡੂ ਪਹੁੰਚਦੇ ਹੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ । ਉਨ੍ਹਾਂ ਕਿਹਾ ਸੀ ਕਿ ਮੋਦੀ ਸਰਕਾਰ ਖ਼ਿਲਾਫ਼ ਮਿਲ ਕੇ ਲੜਾਂਗੇ । ਇਸ ਤੋਂ ਇਲਾਵਾ, ਉਨ੍ਹਾਂ ਨੇ ਐਮਐਸਐਮਈ ਦੇ ਲੋਕਾਂ ਨਾਲ ਇੱਕ ਬੈਠਕ ਦੌਰਾਨ ਕਿਹਾ ਸੀ ਕਿ ਯੂਪੀਏ ਦੀ ਸਰਕਾਰ ਆਉਣ ‘ਤੇ ਮੌਜੂਦਾ ਜੀਐਸਟੀ ਨਿਯਮਾਂ ਵਿੱਚ ਬਦਲਾਅ ਕੀਤੇ ਜਾਣਗੇ ।