rahul gandhi tweets on indian economy: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸੰਗਠਿਤ ਅਤੇ ਅਸੰਗਠਿਤ ਆਰਥਿਕਤਾ ਦਾ ਕੋਰੋਨਾ ਵਾਇਰਸ ਤੋਂ ਪਹਿਲਾਂ ਹੀ ਬਹੁਤ ਮਾੜਾ ਹਾਲ ਹੈ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਦੋਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੈਸੇ ਉਨ੍ਹਾਂ ਦੇ ਹੱਥ ਵਿੱਚ ਨਹੀਂ ਦਿੱਤੇ ਜਾਣਗੇ, ਉਦੋਂ ਤੱਕ ਸਥਿਤੀ ਸੁਧਾਰੀ ਨਹੀਂ ਜਾ ਸਕਦੀ। ਆਪਣਾ ਇੱਕ ਵੀਡੀਓ ਟਵੀਟ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ, “ਸਵ. ਰਾਜੀਵ ਗਾਂਧੀ ਜੀ ਦੀ ਬਰਸੀ ‘ਤੇ ਛੱਤੀਸਗੜ੍ਹ ਕਾਂਗਰਸ ਦੇ ਪ੍ਰੋਗਰਾਮ ਦੌਰਾਨ ਮੇਰੇ ਸੰਬੋਧਨ ਦੇ ਕੁੱਝ ਅੰਸ਼। ਸੰਗਠਿਤ ਅਤੇ ਅਸੰਗਠਿਤ ਆਰਥਿਕਤਾਵਾਂ ਦੀ # ਕੋਵਿਡ 19 ਤੋਂ ਪਹਿਲਾਂ ਹੀ ਬਹੁਤ ਮਾੜੀ ਸਥਿਤੀ ਹੈ। ਜਿੰਨਾ ਚਿਰ ਸਿੱਧੇ ਤੌਰ ‘ਤੇ ਕਿਸਾਨਾਂ, ਮਜ਼ਦੂਰਾਂ ਅਤੇ ਐਮਐਸਐਮਈਆਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ, ਸਥਿਤੀ ‘ਚ ਸੁਧਾਰ ਨਹੀਂ ਹੋ ਸਕਦਾ।” ਵੀਰਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਦੀ ਬਰਸੀ ਮੌਕੇ ਛੱਤੀਸਗੜ੍ਹ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਨੂੰ ਸੰਬੋਧਿਤ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ, “ਦੇਸ਼ ਵਿੱਚ ਪਿੱਛਲੇ ਸਾਲਾਂ ਵਿੱਚ ਲੋਕਾਂ ਨੇ ਬਹੁਤ ਨੁਕਸਾਨ ਝੱਲਿਆ ਹੈ। ਜੇ ਤੁਸੀਂ ਭਾਰਤ ਦੀ ਆਰਥਿਕਤਾ ਨੂੰ ਸਮਝਣਾ ਚਾਹੁੰਦੇ ਹੋ, ਤਾਂ ਇਹ ਸਮਝਣਾ ਪਏਗਾ ਕਿ ਭਾਰਤ ‘ਚ ਦੋ ਅਰਥ-ਵਿਵਸਥਾਵਾਂ ਹਨ, ਇਕ ਸੰਗਠਿਤ ਅਰਥਚਾਰਾ – ਇਸ ਵਿੱਚ ਵੱਡੀਆਂ ਕੰਪਨੀਆਂ ਸ਼ਾਮਿਲ ਹਨ। ਦੂਜੀ ਹੈ ਅਸੰਗਠਿਤ ਆਰਥਿਕਤਾ- ਇਸ ਵਿੱਚ ਸਾਡੇ ਕੋਲ ਕਿਸਾਨ, ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਲੱਖਾਂ ਅਤੇ ਕਰੋੜਾਂ ਗਰੀਬ ਲੋਕ ਹਨ।” ਉਨ੍ਹਾਂ ਅੱਗੇ ਕਿਹਾ, “ਜਿਨ੍ਹਾਂ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਹੈ, ਅਸੀਂ ਇਨ੍ਹਾਂ ਦੋਵਾਂ ਅਰਥਚਾਰਿਆਂ ਨੂੰ ਸੰਤੁਲਿਤ ਕਰਨ ਲਈ ਕੰਮ ਕਰ ਰਹੇ ਹਾਂ। ਜੇ ਅਸੰਗਠਿਤ ਆਰਥਿਕਤਾ ਮਜ਼ਬੂਤ ਹੈ, ਤਾਂ ਇਹ ਕਿਸੇ ਵੀ ਝੱਟਕੇ ਦਾ ਸਾਹਮਣਾ ਕਰ ਸਕਦੀ ਹੈ। ਪਿੱਛਲੇ 6 ਸਾਲਾਂ ਵਿੱਚ ਨਰਿੰਦਰ ਮੋਦੀ ਨੇ ਅਸੰਗਠਿਤ ਆਰਥਿਕਤਾ ਉੱਤੇ ਹਮਲਾ ਕੀਤਾ ਹੈ। ਇਹ ਕਿਉਂ ਕੀਤਾ, ਕਿਉਂਕਿ ਇਸ ਗੈਰ ਸੰਗਠਿਤ ਆਰਥਿਕਤਾ ‘ਚ ਪੈਸਾ ਹੈ ਅਤੇ ਨਰਿੰਦਰ ਮੋਦੀ ਜੀ ਇਸ ਪੈਸੇ ਨੂੰ ਵੱਡੇ ਕਾਰੋਬਾਰੀਆਂ ਦੇ ਹਵਾਲੇ ਕਰਨਾ ਚਾਹੁੰਦੇ ਹਨ। ਵੀਡੀਓ ਵਿੱਚ, ਰਾਹੁਲ ਗਾਂਧੀ ਨੇ ਕੋਰੋਨਾ ਸੰਕਟ ਦੌਰਾਨ ਕਾਲੇ ਧਨ, ਜੀਐਸਟੀ ਅਤੇ ਲੌਕਡਾਊਨ ਲਈ ਕੇਂਦਰ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਹੈ।