randeep surjewala says: ਨਵੀਂ ਦਿੱਲੀ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਹੋਈ ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਪੁਲਿਸ ਕਰਮਚਾਰੀਆਂ ਸਮੇਤ ਦਰਜਨਾਂ ਜ਼ਖਮੀ ਹੋ ਗਏ ਹਨ। ਬੰਗਲੁਰੂ ਹਿੰਸਾ ਨੂੰ ਲੈ ਕੇ ਹੁਣ ਕਾਂਗਰਸ ਨੇ ਕਰਨਾਟਕ ਦੀ ਭਾਜਪਾ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਇਸ ਘਟਨਾ ਨੂੰ ਅਮਨ-ਕਾਨੂੰਨ ਦੀ ਅਸਫ਼ਲਤਾ ਦੱਸਿਆ ਹੈ। ਕਾਂਗਰਸੀ ਨੇਤਾ ਨੇ ਕਿਹਾ, “ਬੰਗਲੁਰੂ ਹਿੰਸਾ, ਦੰਗੇ ਅਤੇ ਅੱਗਜ਼ਨੀ ਨਿੰਦਣਯੋਗ ਅਤੇ ਅਸਵੀਕਾਰਨਯੋਗ ਹਨ। ਇਹ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਦੀ ਅਸਫਲਤਾ ਹੈ। ਕੀ ਯੇਦੀਯੁਰੱਪਾ ਸਰਕਾਰ ਸੌਂ ਰਹੀ ਸੀ ਜਾਂ ਦੰਗੇ ਹੋਣ ਦੀ ਉਡੀਕ ਕਰ ਰਹੀ ਸੀ। ਪੁਲਿਸ ਨੇ ਸਹੀ ਸਮੇਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ? ਤਿੰਨ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ?”
ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ.ਐਲ. ਸੰਤੋਸ਼ ਨੇ ਕਾਂਗਰਸ ‘ਤੇ ਤੁਸਟੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਆਪਣੇ ਹੀ ਵਿਧਾਇਕ ਦੇ ਘਰ ਹਮਲੇ ਦੀ ਘਟਨਾ ਦੀ ਖੁੱਲ੍ਹੇਆਮ ਨਿੰਦਾ ਕਰਨ ਦੀ ਬਜਾਏ ਤੁਸਟੀਕਰਨ ਕਰਨ ‘ਚ ਲੱਗੀ ਹੋਈ ਹੈ। ਕਾਂਗਰਸ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ, “ਘੱਟੋ ਘੱਟ ਤੁਹਾਨੂੰ ਆਪਣੇ ਦਲਿਤ ਵਿਧਾਇਕ ਦੇ ਘਰ ‘ਚ ਹੋ ਰਹੀ ਤੋੜ-ਫੋੜ ਦਾ ਨੋਟਿਸ ਲੈਣਾ ਚਾਹੀਦਾ ਸੀ। ਜਦੋਂ ਤੁਹਾਡੇ ਵਿਧਾਇਕ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਪੁਲਿਸ ਥਾਣਾ ਨਸ਼ਟ ਕਰ ਦਿੱਤਾ ਗਿਆ, ਇੰਨਾ ਤੁਸਟੀਕਰਨ ਕਿਉਂ।” ਦਰਅਸਲ, ਪੂਰਬੀ ਬੰਗਾਲੁਰੂ ‘ਚ ਮੰਗਲਵਾਰ ਸ਼ਾਮ ਨੂੰ ਇੱਕ ਕਾਂਗਰਸੀ ਵਿਧਾਇਕ ਦੇ ਰਿਸ਼ਤੇਦਾਰ ਦੀ ਇਤਰਾਜ਼ਯੋਗ ਫੇਸਬੁੱਕ ਪੋਸਟ ਨੂੰ ਲੈ ਕੇ ਹਿੰਸਾ ਭੜਕ ਗਈ ਸੀ। ਬਦਮਾਸ਼ਾਂ ਵੱਲੋਂ ਕੀਤੇ ਪਥਰਾਅ ਕਾਰਨ 60 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਫਾਇਰਿੰਗ ਕਰਨ ਲਈ ਮਜਬੂਰ ਹੋਣਾ ਪਿਆ। ਹਿੰਸਾ ਦੌਰਾਨ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ।