corona 20000 tests per day: ਐਸ.ਏ.ਐਸ. ਨਗਰ, 10 ਅਗਸਤ: ਕੋਵਿਡ ਦੇ ਵੱਧ ਰਹੇ ਕੇਸਾਂ ਦਾ ਸਾਹਮਣਾ ਕਰਦਿਆਂ, ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕੋਵਿਡ-19 ਦੀ ਵਾਇਰਲ ਟੈਸਟਿੰਗ ਦੀ ਸਮੱਰਥਾ ਵਿਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਰੋਜ਼ਾਨਾ 20,000 ਟੈਸਟ ਕੀਤੇ ਜਾਣਗੇ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਨੇ ਸਿਹਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨਾਲ ਸਾਂਝੇ ਤੌਰ ‘ਤੇ ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਅਤੇ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ, ਮੁਹਾਲੀ ਵਿਖੇ ਕੋਰੋਨਾ ਲੈਬਾਰਟਰੀਆਂ ਦਾ ਉਦਘਾਟਨ ਕਰਨ ਉਪਰੰਤ ਕੀਤਾ। ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿਚ ਕੋਵਿਡ ਦੇ ਕੇਸਾਂ ਵਿਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ ਪਰ ਅਸੀਂ ਪੰਜਾਬ ਵਿਚ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਹਨਾਂ ਅੱਗੇ ਕਿਹਾ ਕਿ ਪੰਜਾਬ ਆਪਣੇ ਸਿਹਤ ਦੇ ਬੁਨਿਆਦੀ-ਢਾਂਚੇ ਅਤੇ ਵਾਇਰਲ ਟੈਸਟਿੰਗ ਸਮਰੱਥਾ ਨੂੰ ਸਭ ਤੋਂ ਤੇਜ਼ੀ ਨਾਲ ਅਪਗ੍ਰੇਡ ਕਰਨ ਵਾਲੇ ਸੂਬਿਆਂ ਵਿਚੋਂ ਇਕ ਹੈ।
ਉਨ੍ਹਾਂ ਦੱਸਿਆ ਕਿ ਅੱਜ ਤੋਂ ਸੂਬੇ ਵਿੱਚ ਚਾਰ ਲੈਬਾਰਟਰੀਆਂ ਕਾਰਜਸ਼ੀਲ ਹੋਣਗੀਆਂ ਜਿਹਨਾਂ ਰਾਹੀਂ ਕੋਵਿਡ -19 ਦੀ ਵਾਇਰਲ ਟੈਸਟਿੰਗ ਦੀ ਸਮਰੱਥਾ 16000 ਟੈਸਟਾਂ ਤੋਂ ਵਧ ਕੇ 20,000 ਟੈਸਟ ਪ੍ਰਤੀ ਦਿਨ ਹੋ ਜਾਏਗੀ। ਅੱਜ ਤੋਂ ਕਾਰਜਸ਼ੀਲ ਕੀਤੀਆਂ ਜਾਣ ਵਾਲੀਆਂ ਦੋ ਹੋਰ ਲੈਬਾਰਟਰੀਆਂ ਰੀਜ਼ਨਲ ਡੀਸੀਜ਼ ਡਾਇਗਨੋਸਟਿਕ ਲੈਬਾਰਟਰੀ, ਜਲੰਧਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਹਨ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਤੇ ਸਿਹਤ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਘਬਰਾਓ ਨਾ, ਸਾਵਧਾਨ ਰਹੋ ਅਤੇ ਸਰਕਾਰੀ ਐਡਵਾਈਜ਼ਰੀਜ਼ ਦੀ ਪਾਲਣਾ ਕਰੋ। ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕੇਸਾਂ ਦਾ ਸਾਹਮਣੇ ਆਉਣਾ, ਆਪਣੇ ਆਪ ਵਿਚ ਇਹ ਦਰਸਾਉਂਦਾ ਹੈ ਕਿ ਅਸੀਂ ਵੱਡੇ ਪੱਧਰ ‘ਤੇ ਵਾਇਰਲ ਟੈਸਟਿੰਗ ਕਰ ਰਹੇ ਹਾਂ। ਸਮੇਂ ਸਿਰ ਟੈਸਟ ਕਰਨ ਨਾਲ ਪਾਜੇਟਿਵ ਲੋਕਾਂ ਨੂੰ ਦੂਜਿਆਂ ਤੋਂ ਅਲੱਗ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਇਸ ਬਿਮਾਰੀ ਦੇ ਹੋਰ ਫੈਲਣ ਦੀ ਸੰਭਾਵਨਾ ਘੱਟ ਰਹੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ‘ਦੇਸ਼ ਦਾ ਪਹਿਲਾ ਸੂਬਾ’ ਬਣ ਗਿਆ ਹੈ, ਜਿਥੇ ਸਿਹਤ ਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਤੋਂ ਇਲਾਵਾ ਸੂਬੇ ਦੇ ਗ੍ਰਹਿ ਵਿਭਾਗ (ਮੁਹਾਲੀ ਵਿਖੇ ਫੋਰੈਂਸਿਕ ਸਾਇੰਸ ਲੈਬਾਰਟਰੀ), ਪਸ਼ੂ ਪਾਲਣ ਵਿਭਾਗ (ਰੀਜ਼ਨਲ ਡੀਸੀਜ਼ ਡਾਇਗਨੋਸਟਿਕ ਲੈਬਾਰਟਰੀ, ਜਲੰਧਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ) ਅਤੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ (ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ, ਮੁਹਾਲੀ) ਦੀਆਂ ਸਹੁਲਤਾਵਾਂ ਨੂੰ ਕੋਵਿਡ -19 ਦੀ ਵਾਇਰਲ ਟੈਸਟਿੰਗ ਲਈ ਵਰਤਿਆ ਜਾਵੇਗਾ। ਇਹ ਚਾਰੋਂ ਲੈਬਾਰਟਰੀਆਂ 16 ਆਧੁਨਿਕ ਉਪਰਕਰਨਾਂ ਨਾਲ ਲੈਸ ਹਨ ਜਿਸ ਵਿਚ ਰੈਫਰੀਜੀਰੇਟਰਡ ਸੈਂਟਰਿਫਿਜ਼, ਪੂਰੀ ਤਰ੍ਹਾਂ ਆਟੋਮੇਟਿਡ ਬਾਇਓਸੇਫਟੀ ਕੈਬਨਿਟ, ਰੀਅਲ ਟਾਈਮ ਪੀ.ਸੀ.ਆਰ ਅਤੇ ਸਪੈਕਟ੍ਰੋਮੀਟਰ ਸ਼ਾਮਲ ਹਨ। ਹਰੇਕ ਲੈਬਾਰਟਰੀ ਵਿਚ ਉਪਰਕਨਾਂ ‘ਤੇ 1 ਕਰੋੜ ਰੁਪਏ ਦੀ ਲਾਗਤ ਆਈ ਹੈ। ਚਾਰ ਲੈਬਾਰਟਰੀਆਂ ਵਿਚ ਕੁੱਲ 83 ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿਚ ਮਾਈਕਰੋਬਾਇਓਲੋਜਿਸਟ, ਖੋਜ ਸਹਾਇਕ, ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ, ਡਾਟਾ ਐਂਟਰੀ ਆਪਰੇਟਰ ਅਤੇ ਹੋਰ ਸਹਾਇਕ ਸਟਾਫ ਸ਼ਾਮਲ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਸੀ.ਐੱਸ. ਗ੍ਰਹਿ, ਸ੍ਰੀ ਸਤੀਸ਼ ਚੰਦਰ, ਪ੍ਰਮੁੱਖ ਸਕੱਤਰ ਮੈਡੀਕਲ ਸਿੱਖਿਆ ਅਤੇ ਖੋਜ ਪੰਜਾਬ ਸ੍ਰੀ ਡੀ.ਕੇ ਤਿਵਾੜੀ ਅਤੇ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀ.ਐਫ.ਯੂ.ਐੱਚ.ਐੱਸ.) ਡਾ. ਰਾਜ ਬਹਾਦਰ ਮੌਜੂਦ ਸਨ।