ਜਲੰਧਰ-ਮਲਸੀਆਂ ਹਾਈਵੇਅ ਤੇ ਟਰੱਕ ਟਰਾਲੇ ਦਾ ਟਾਈਰ ਫੱਟਣ ਕਾਰਨ ਵੱਡਾ ਹਾਦਸਾ ਹੋਇਆ ਹੈ। ਇਸ ਹਾਦਸੇ ਵਿੱਚ ਇਕ ਔਰਤ ਦੀ ਮੌਤ ਅਤੇ 6 ਲੋਕ ਗੰਭੀਰ ਜ਼ਖਮੀ ਹੋਏ ਹਨ। ਨਕੋਦਰ ਸਿਵਲ ਹਸਪਤਾਲ ਵਿੱਚ ਗੰਭੀਰ ਜਖਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਹਨਾਂ ਲੋਕਾਂ ਦੀ ਹਾਲਤ ਜਿਆਦਾ ਗੰਭੀਰ ਸੀ, ਉਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਨਕੋਦਰ ਡੀ.ਐਸ.ਪੀ. ਲਖਵਿੰਦਰ ਸਿੰਘ ਮੱਲ੍ਹ ਅਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਇਸ ਘਟਨਾ ਦੇ ਸੰਬੰਧ ਚ ਨਕੋਦਰ ਸਿਟੀ ਥਾਣਾ ਜਾਂਚ ਅਧਿਕਾਰੀ ਲਾਭ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਇਸ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਦੇਖਿਆ ਕਿ ਇਕ ਮਹਿੰਦਰਾ ਪਿਕਅਪ ਗੱਡੀ, ਇਕ ਸੈਂਟਰੋ ਗੱਡੀ ਇਸ ਟਰੱਕ ਟਰਾਲੇ ਦੀ ਝਪੇਟ ਵਿੱਚ ਆਏ ਹਨ ਅਤੇ ਹਾਈਵੇਅ ਤੇ ਕੰਮ ਕਰ ਰਹੇ ਮਨੇਰਾਗ ਕਰਮਚਾਰੀ ਇਸ ਟਰਾਲੇ ਦੀ ਝਪੇਟ ਚ ਆਉਣ ਕਾਰਣ ਕਈ ਜਖਮੀ ਹੋ ਗਏ ਅਤੇ ਇਕ ਔਰਤ ਦੀ ਮੌਤ ਹੋ ਗਈ। ਸੈਂਟਰੋ ਕਾਰ ਵਿੱਚ ਜੋ ਸਵਾਰ ਸਨ, ਉਹ ਵੀ ਗੰਭੀਰ ਜਖਮੀ ਸਨ, ਜਿਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਨਕੋਦਰ ਤੋ ਂਜਲੰਧਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ।