ਜਿਲ੍ਹਾ ਕਪੂਰਥਲਾ ਦੇ ਪਿੰਡ ਉੱਚਾ ਬੇਟ ਦੇ 15 ਸਾਲਾਂ ਨੌਜਵਾਨ ਦੀ ਪਤੰਗਬਾਜੀ ਕਰਦੇ ਸਮੇਂ ਕੋਠੇ ਤੋਂ ਹੇਠਾਂ ਡਿੱਗ ਜਾਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਜਸਨਦੀਪ ਸਿੰਘ ਦੇ ਪਰਿਵਾਰ ਨੇ ਰੋ-ਰੋ ਕੇ ਦੱਸਿਆ ਕਿ ਜਸਨਦੀਪ ਸਿੰਘ ਦੀ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਹਨਾਂ ਵਲੋਂ ਜਸਨਦੀਪ ਸਿੰਘ ਦਾ ਪਾਲਣ ਪੋਸ਼ਣ ਕੀਤਾ ਗਿਆ ਸੀ ਤੇ ਉਸਦੇ ਭਵਿੱਖ ਨੂੰ ਲੈਕੇ ਅਨੇਕਾਂ ਸੁਪਨੇ ਸਜਾਏ ਹੋਏ ਸਨ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਘਟਨਾ ਸੰਬੰਧੀ ਮ੍ਰਿਤਕ ਦੀ ਦਾਦੀ ਮਾਂ ਨੇ ਦੱਸਿਆ ਕਿ ਉਹ ਕਦੇ ਕਦੇ ਪਤੰਗ ਚੜ੍ਹਾਉਣ ਕੋਠੇ ;ਤੇ ਚੜ ਜਾਂਦਾ ਸੀ ਜਿਸ ਦਾ ਪਰਿਵਾਰ ਵਲੋਂ ਵਿਰੋਧ ਕੀਤਾ ਜਾਂਦਾ ਸੀ।
ਬੀਤੇ ਦਿਨ ਜਸਨਦੀਪ ਸਿੰਘ ਬਹਾਨਾ ਬਣਾ ਕੇ ਕੋਠੇ ‘ਤੇ ਚੜ ਗਿਆ ਕਿ ਮੈਂ ਗਵਾਂਢੀਆਂ ਦੇ ਲੜਕੇ ਨੂੰ ਪਤੰਗ ਵਾਪਿਸ ਕਰਨ ਜਾ ਰਿਹਾ ਹਾਂ ਕੋਠੇ ਉੱਪਰ ਉਸ ਨਾਲ ਕੀ ਭਾਣਾ ਵਾਪਰਿਆ ਉਹ ਇਸ ਗੱਲ ਤੋਂ ਅਣਜਾਣ ਹਨ। ਉਹਨਾਂ ਨੂੰ ਜਿਵੇਂ ਹੀ ਇਸ ਘਟਨਾ ਸੰਬੰਧੀ ਸੂਚਨਾ ਮਿਲੀ ਤਾਂ ਜਖਮੀ ਹੋਏ ਜਸਨਦੀਪ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਜਸਨਦੀਪ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜੀ ਉਡਾਉਣ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਜੋ ਅਜਿਹੀ ਘਟਨਾ ਫਿਰ ਦੁਬਾਰਾ ਨਾ ਵਾਪਰੇ।